ਨਸ਼ਾ ਤਸਕਰਾਂ ਨੂੰ ਫੜਨ ਲਈ ਪੁਲਿਸ ਨੇ ਵਿਛਾਇਆ ਜਾਲ, ਮੁਲਜ਼ਮਾਂ ਨੇ ਪੁਲਿਸ ਮੁਲਾਜ਼ਮ ਉਤੇ ਚੜ੍ਹਾ ਦਿੱਤੀ ਥਾਰ, ਲੱਤ ਬਾਂਹ ਤੋੜ ਕੇ ਹੋਏ ਫ਼ਰਾਰ

ਨਸ਼ਾ ਤਸਕਰਾਂ ਨੂੰ ਫੜਨ ਲਈ ਪੁਲਿਸ ਨੇ ਵਿਛਾਇਆ ਜਾਲ, ਮੁਲਜ਼ਮਾਂ ਨੇ ਪੁਲਿਸ ਮੁਲਾਜ਼ਮ ਉਤੇ ਚੜ੍ਹਾ ਦਿੱਤੀ ਥਾਰ, ਲੱਤ ਬਾਂਹ ਤੋੜ ਕੇ ਹੋਏ ਫ਼ਰਾਰ


ਵੀਓਪੀ ਬਿਊਰੋ, ਪਾਤੜਾਂ-ਸ਼ਹਿਰ ਅੰਦਰ ਨਸ਼ਾ ਤਸਕਰਾਂ ਦੀ ਸੂਹ ਮਿਲਣ ਉਤੇ ਪੁਲਿਸ ਨੇ ਜਾਲ ਵਿਛਾਇਆ ਪਰ ਨਸ਼ਾ ਤਸਕਰਾਂ ਨੇ ਪਹਿਲਾਂ ਪੁਲਿਸ ਮੁਲਾਜ਼ਮ ਉਤੇ ਆਪਣੀ ਥਾਰ ਗੱਡੀ ਚੜ੍ਹਾ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਫਿਰ ਮੌਕਾ ਮਿਲਦੇ ਫਰਾਰ ਹੋ ਗਏ। ਪੰਜਾਬ ਪੁਲਿਸ ਦੇ ਮੁਲਾਜ਼ਮ ’ਤੇ ਨਸ਼ਾ ਤਸਕਰਾਂ ਨੇ ਥਾਰ ਗੱਡੀ ਚੜ੍ਹਾ ਕੇ ਉਸ ਦੀ ਲੱਤ ਅਤੇ ਬਾਂਹ ਤੋੜ ਦਿੱਤੀ, ਜਿਸ ਨੂੰ ਇਲਾਜ ਲਈ ਪਟਿਆਲਾ ਦੇ ਇਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।ਉਧਰ ਪੁਲਿਸ ਨੇ ਤੁਰੰਤ ਹਰਕਤ ’ਚ ਆਉਂਦਿਆਂ ਨਸ਼ਾ-ਸਮੱਗਲਰਾਂ ਵੱਲੋਂ ਵਰਤੀ ਗਈ ਥਾਰ ਗੱਡੀ ਦੀ ਪਛਾਣ ਕਰ ਲਈ ਹੈ।


ਜਾਣਕਾਰੀ ਅਨੁਸਾਰ ਸੀਆਈਏ ਸਟਾਫ ਸਮਾਣਾ ਦੀ ਪੁਲਿਸ ਵੱਲੋਂ ਨਸ਼ਾ-ਸਮੱਗਲਰਾਂ ਨੂੰ ਕਾਬੂ ਕਰਨ ਲਈ ਵਿਛਾਏ ਗਏ ਜਾਲ ਤਹਿਤ ਜਦੋਂ ਸ਼ਹਿਰ ਦੇ ਪਟਿਆਲਾ ਬਾਈਪਾਸ ’ਤੇ ਅਨਾਜ ਮੰਡੀ ਦੇ 11 ਕਿੱਲਿਆਂ ਵਾਲੀ ਥਾਂ ’ਤੇ ਛਾਪੇਮਾਰੀ ਕੀਤੀ ਤਾਂ ਸਮੱਗਲਰਾਂ ਨੂੰ ਪੁਲਸ ਦੇ ਆਉਣ ਦੀ ਭਿਣਕ ਪੈ ਗਈ। ਘਟਨਾ ’ਚ ਜ਼ਖ਼ਮੀ ਹੋਏ ਪੁਲਸ ਮੁਲਾਜ਼ਮ ਹੁਸਨਪ੍ਰੀਤ ਸਿੰਘ ਚੀਮਾ ਵਾਸੀ ਦਫਤਰੀ ਵਾਲਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸਮੱਗਲਰਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਸਮੱਗਲਰਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਮੁਲਾਜ਼ਮਾਂ ਵੱਲੋਂ ਪਿੱਛਾ ਕਰਨ ’ਤੇ ਉਨ੍ਹਾਂ ਦੀ ਗੱਡੀ ਬਿਜਲੀ ਦੇ ਖੰਭੇ ’ਚ ਵੱਜ ਗਈ, ਜਿਸ ਮਗਰੋਂ ਉਨ੍ਹਾਂ ਗੱਡੀ ਨੂੰ ਰੋਕਣ ਕੋਸ਼ਿਸ਼ ਦੌਰਾਨ ਸਮੱਗਲਰਾਂ ਨੇ ਥਾਰ ਗੱਡੀ ਉਸ ’ਤੇ ਚੜ੍ਹਾ ਦਿੱਤੀ। ਹਾਦਸੇ ’ਚ ਪੁਲਸ ਮੁਲਾਜ਼ਮ ਹੁਸਨਪ੍ਰੀਤ ਸਿੰਘ ਚੀਮਾ ਦੀ ਲੱਤ ਅਤੇ ਬਾਂਹ ਟੁੱਟ ਗਈ ਹੈ। ਇਸ ਦੌਰਾਨ ਸੀਆਈਏ ਸਟਾਫ ਸਮਾਣਾ ਦੇ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਥਾਰ ਗੱਡੀ ਦੀ ਪਛਾਣ ਕਰ ਲਈ ਗਈ। ਕਥਿਤ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।

error: Content is protected !!