ਨਸ਼ੇੜੀ ਪੁੱਤ ਤੋਂ ਦੁਖੀ ਮਾਂ ਦੀ ਵੀਡੀਓ ਵਾਇਰਲ, ਪੁੱਤ ਨੂੰ ਬਚਾਉਣ ਲਈ ਪਾ ਰਹੀ ਤਰਲੇ, ਵੀਡੀਓ ਵੇਖ ਹੋ ਜਾਵੇਗੋ ਭਾਵੁਕ

ਨਸ਼ੇੜੀ ਪੁੱਤ ਤੋਂ ਦੁਖੀ ਮਾਂ ਦੀ ਵੀਡੀਓ ਵਾਇਰਲ, ਪੁੱਤ ਨੂੰ ਬਚਾਉਣ ਲਈ ਪਾ ਰਹੀ ਤਰਲੇ, ਵੀਡੀਓ ਵੇਖ ਹੋ ਜਾਵੇਗੋ ਭਾਵੁਕ

ਵੀਓਪੀ ਬਿਊਰੋ, ਸਮਰਾਲਾ : ਪੰਜਾਬ ਵਿਚ ਨਸ਼ਿਆਂ ਦੀ ਵਿਕਰੀ ਜ਼ੋਰਾਂ ਉਤੇ ਹੈ। ਨੌਜਵਾਨੀ ਬੁਰੀ ਤਰ੍ਹਾਂ ਨਸ਼ਿਆਂ ਦੀ ਦਲ-ਦਲ ਵਿਚ ਫਸਦੀ ਜਾ ਰਹੀ ਹੈ। ਪੰਜਾਬ ਦੇ ਹਾਲਾਤ ਬਿਆਨ ਕਰਦੀ ਇਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਨਸ਼ੇੜੀ ਪੁੱਤ ਤੋਂ ਦੁਖ਼ੀ ਮਾਂ ਰੋਂਦਿਆਂ ਹੋਇਆਂ ਆਪਣੇ ਪੁੱਤ ਨੂੰ ਬਚਾਉਣ ਲਈ ਪ੍ਰਸ਼ਾਸਨ ਦੇ ਤਰਲੇ ਪਾ ਰਹੀ ਹੈ। ਵੀਡੀਓ ‘ਚ ਦੁਖਿਆਰੀ ਮਾਂ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਨੌਜਵਾਨ ਪੁੱਤ ਵਿਆਹਿਆ ਹੋਇਆ ਹੈ ਅਤੇ ਉਸ ਦੇ 2 ਧੀਆਂ ਅਤੇ 1 ਪੁੱਤਰ ਹੈ ਪਰ ਉਹ ਨਸ਼ੇ ਦਾ ਆਦੀ ਹੋ ਗਿਆ ਹੈ।


ਉਹ ਹਰ ਰੋਜ਼ ਨਸ਼ਾ ਕਰ ਕੇ ਘਰ ਆਉਂਦਾ ਹੈ ਅਤੇ ਫਿਰ ਨਸ਼ਾ ਵੇਚਣ ਵਾਲਿਆਂ ਦੇ ਉਸ ਦੇ ਪੁੱਤ ਨੂੰ ਲਗਾਤਾਰ ਫੋਨ ਆਉਂਦੇ ਹਨ। ਰੋਂਦੋ ਹੋਏ ਮਾਂ ਨੇ ਦੱਸਿਆ ਕਿ ਉਹ ਪੁਲਿਸ ਅਧਿਕਾਰੀਆਂ ਨੂੰ ਵੀ ਇਸ ਬਾਰੇ ਦੱਸ ਚੁੱਕੀ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਹ ਨਸ਼ਾ ਵੇਚਣ ਵਾਲਿਆਂ ਦੇ ਨੰਬਰ ਵੀ ਪੁਲਿਸ ਨੂੰ ਦਿੱਤੇ ਪਰ ਕੁਝ ਨਹੀਂ ਬਣਿਆ। ਉਸ ਨੇ ਆਪਣਾ ਦੁੱਖੜਾ ਸੁਣਾਉਂਦੇ ਹੋਏ ਕਿਹਾ ਕਿ ਉਸ ਦੇ ਬੱਚੇ ਰੁਲ੍ਹ ਗਏ ਹਨ ਅਤੇ ਉਹ ਬਹੁਤ ਦੁਖ਼ੀ ਹੈ।


ਉਸ ਨੇ ਆਪਣੇ ਪੁੱਤਰ ਨੂੰ ਨਸ਼ੇ ‘ਚੋਂ ਬਾਹਰ ਕੱਢਣ ਦੀ ਗੁਹਾਰ ਲਾਈ ਹੈ ਅਤੇ ਕਿਹਾ ਹੈ ਕਿ ਜੇਕਰ ਉਸ ਦੇ ਘਰ ਲਈ ਕੁੱਝ ਕੀਤਾ ਜਾ ਸਕਦਾ ਹੈ ਤਾਂ ਕਰ ਦਿਓ। ਉਸ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਪੁਲਿਸ ਕੋਲ ਗਈ ਤਾਂ ਉਸ ਨੂੰ ਇਹੀ ਕਿਹਾ ਗਿਆ ਕਿ ਆਪਣੇ ਪੁੱਤ ਨੂੰ ਸਮਝਾਓ। ਫਿਲਹਾਲ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਮਾਤਾ ਦੇ ਘਰ ਪਹੁੰਚ ਗਈ ਅਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਜਲਦ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਤਸਕਰਾਂ ਖਿਲਾਫ ਪੁਲਿਸ ਕਾਰਵਾਈ ਕਰਦੀ ਹੈ ਕਿ ਨਹੀਂ।

error: Content is protected !!