ਪਹਿਲਾਂ ਫੜਿਆ ਗਲਾ, ਫਿਰ ਥੱਪੜ ਮਾਰਦਿਆਂ ਕੱਢਿਆ ਥਾਣੇ ਵਿਚੋਂ ਬਾਹਰ, ਤੈਸ਼ ਵਿਚ ਆਏ ਥਾਣੇਦਾਰ ਦਾ ਕਾਰਾ, ਰਿਸ਼ਵਤ ਲੈਣ ਦੇ ਵੀ ਲੱਗੇ ਦੋਸ਼

ਪਹਿਲਾਂ ਫੜਿਆ ਗਲਾ, ਫਿਰ ਥੱਪੜ ਮਾਰਦਿਆਂ ਕੱਢਿਆ ਥਾਣੇ ਵਿਚੋਂ ਬਾਹਰ, ਤੈਸ਼ ਵਿਚ ਆਏ ਥਾਣੇਦਾਰ ਦਾ ਕਾਰਾ, ਰਿਸ਼ਵਤ ਲੈਣ ਦੇ ਵੀ ਲੱਗੇ ਦੋਸ਼


ਵੀਓਪੀ ਬਿਊਰੋ, ਜਗਰਾਓਂ : ਕਰੋੜਾਂ ਰੁਪਏ ਦੀ ਜਾਇਦਾਦ ਦੇ ਵਿਵਾਦ ‘ਚ ਸ਼ਿਕਾਇਤ ਦੇਣ ਐੱਨਆਰਆਈ ਥਾਣੇ ਪੁੱਜੇ ਪਤੀ-ਪਤਨੀ ਨਾਲ ਥਾਣੇਦਾਰ ਨੇ ਮਾੜਾ ਸਲੂਕ ਕੀਤਾ। ਥੱਪੜ ਮਾਰਦਿਆਂ ਉਨ੍ਹਾਂ ਨੂੰ ਥਾਣੇ ਵਿਚੋਂ ਬਾਹਰ ਕੱਢ ਦਿੱਤਾ। ਪਤੀ-ਪਤਨੀ ਨੇ ਐੱਨਆਰਆਈ ਥਾਣੇ ਦੇ ਬਾਹਰ ਖੜ੍ਹ ਕੇ ਹੀ ਥਾਣੇਦਾਰ ਵੱਲੋਂ ਪਹਿਲਾਂ 4 ਹਜ਼ਾਰ ਰੁਪਏ ਰਿਸ਼ਵਤ ਲੈਣ ਤੇ ਹੁਣ ਫਿਰ ਐੱਸਐੱਚਓ ਦੇ ਨਾਂ ‘ਤੇ ਰਿਸ਼ਵਤ ਮੰਗਣ ਦੇ ਸ਼ਰੇਆਮ ਗੰਭੀਰ ਦੋਸ਼ ਲਾਏ। ਉਧਰ, ਥਾਣੇਦਾਰ ਨੇ ਪਤੀ-ਪਤਨੀ ਵੱਲੋਂ ਲਾਏ ਦੋਸ਼ਾਂ ਨੂੰ ਝੂਠਾ ਦੱਸਿਆ।


ਜਾਣਕਾਰੀ ਅਨੁਸਾਰ ਜਗਰਾਓਂ ਦੇ ਐੱਨਆਰਆਈ ਥਾਣੇ ਵਿਖੇ ਸਵੱਦੀ ਕਲਾਂ ਦੇ ਸਵਰਗੀ ਗੁਰਦਿਆਲ ਸਿੰਘ ਦੀ ਐੱਨਆਰਆਈ ਧੀ ਨੇ ਉਸ ਦੇ ਪਿਤਾ ਕੋਲ ਰਹਿੰਦੀ ਸੰਤੋਸ਼ ਰਾਣੀ ਵੱਲੋਂ ਪਿੰਡ ‘ਚ ਸਥਿਤ ਪੁਰਾਣੇ ਤੇ ਨਵੇਂ ਘਰ ‘ਤੇ ਕਬਜ਼ਾ ਕਰਨ ਦੀ ਸ਼ਿਕਾਇਤ ਦਿੱਤੀ ਸੀ। ਇਸ ਮਾਮਲੇ ‘ਚ ਅੱਜ ਸੰਤੋਸ਼ ਰਾਣੀ ਆਪਣੇ ਦੋ ਰਿਸ਼ਤੇਦਾਰਾਂ ਨਾਲ ਥਾਣੇ ਪੁੱਜੀ। ਜਿੱਥੇ ਉਸ ਨੇ ਦੋਸ਼ ਲਾਇਆ ਕਿ ਇਸ ਕੇਸ ਦੇ ਜਾਂਚ ਅਧਿਕਾਰੀ ਏਐੱਸਆਈ ਹਰਵਿੰਦਰ ਸਿੰਘ ਜੋ ਕਿ ਉਸ ਤੋਂ ਪਹਿਲਾਂ 4 ਹਜ਼ਾਰ ਰੁਪਏ ਲੈ ਚੁੱਕਾ ਹੈ ਤੇ ਹੁਣ ਐੱਸਐੱਚਓ ਨੂੰ ਦੇਣ ਲਈ 40-50 ਹਜ਼ਾਰ ਰੁਪਏ ‘ਵੱਢੀ’ ਹੋਰ ਦੇਣ ਦੀ ਮੰਗ ਕਰ ਰਿਹਾ ਸੀ। ਉਸ ਨੇ ਇੰਨੀ ਰਕਮ ਨਾ ਹੋਣ ‘ਤੇ ‘ਵੱਢੀ’ ਦੇਣ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਬਾਅਦ ਕੇਸ ਦੀ ਸੁਣਵਾਈ ਕਰਦਿਆਂ ਜਦੋਂ ਉਸ ਦੇ ਹੱਕ ‘ਚ ਆਏ ਵਿਨੋਦ ਕੁਮਾਰ ਬੋਲਣ ਲੱਗਾ ਤਾਂ ਥਾਣੇਦਾਰ ਹਰਵਿੰਦਰ ਤੈਸ਼ ‘ਚ ਆ ਗਿਆ ਤੇ ਉਸ ਨੇ ਵਿਨੋਦ ਨੂੰ ਬਾਂਹ ਤੋਂ ਖਿੱਚਦਿਆਂ ਗਲੇ ਤੋਂ ਫੜ ਲਿਆ ਤੇ ਖਿੱਚ-ਧੂਹ ਕਰਨ ਲੱਗ ਪਿਆ। ਇਸ ‘ਤੇ ਉਸ ਦੇ ਬਚਾਅ ‘ਚ ਆਈ ਉਸ ਦੀ ਪਤਨੀ ਸ਼ਬੀਨਾ ਦੇਵੀ ਦੇ ਥਾਣੇਦਾਰ ਹਰਵਿੰਦਰ ਨੇ ਥੱਪੜ ਜੜ੍ਹਦਿਆਂ ਦੋਵਾਂ ਨੂੰ ਬਾਹਰ ਕੱਢ ਦਿੱਤਾ। ਸੰਤੋਸ਼ ਰਾਣੀ ਨੇ ਇਸ ਨੂੰ ਥਾਣਾ ਪੁਲਿਸ ਦੀ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਜਿਸ ਜਾਇਦਾਦ ਦਾ ਰੌਲ਼ਾ ਪਾਇਆ ਜਾ ਰਿਹਾ ਹੈ ਉਹ ਸਵਰਗੀ ਗੁਰਦਿਆਲ ਸਿੰਘ ਨੇ ਭਰੀ ਪੰਚਾਇਤ ‘ਚ ਉਸ ਨੂੰ ਉਨ੍ਹਾਂ ਦੀ 25 ਸਾਲ ਸੇਵਾ ਕਰਨ ‘ਤੇ ਦਾਨ ਵਜੋਂ ਦਿੱਤੀ ਸੀ, ਕਿਉਂ ਸਵਰਗੀ ਗੁਰਦਿਆਲ ਦੀ ਸੇਵਾ ਕਰਨ ਲਈ ਉਸ ਨੇ ਵਿਆਹ ਤਕ ਨਹੀਂ ਕਰਵਾਇਆ। ਜਾਇਦਾਦ ਉਸ ਨੂੰ ਦੇਣ ਦੀ ਬਕਾਇਦਾ ਵੀਡੀਓ ਤਕ ਉਸ ਕੋਲ ਹੈ। ਐੱਨਆਰਆਈ ਥਾਣੇ ਦੇ ਏਐੱਸਆਈ ਹਰਵਿੰਦਰ ਸਿੰਘ ਨੇ ਉਨ੍ਹਾਂ ਵੱਲੋਂ ਪਤੀ-ਪਤਨੀ ਦੇ ਥੱਪੜ ਮਾਰਨ ਤੇ ਸ਼ਿਕਾਇਤਕਰਤਾ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ਾਂ ਨੂੰ ਝੂਠ ਦੱਸਿਆ। ਉਨ੍ਹਾਂ ਕਿਹਾ ਕਿ ਸੰਤੋਸ਼ ਰਾਣੀ ਨਾਲ ਆਏ ਵਿਨੋਦ ਕੁਮਾਰ ਦਰਖਾਸਤੀ ਨੂੰ ਧਮਕੀਆਂ ਦੇ ਰਿਹਾ ਸੀ, ਜਿਸ ਨੂੰ ਸਿਰਫ ਬਾਹਰ ਜਾਣ ਲਈ ਕਿਹਾ।

error: Content is protected !!