ਥਾਣੇ ਬੁਲਾ ਪਤੀ ਨੂੰ ਡੱਕਿਆ ਜੇਲ੍ਹ ਵਿਚ, ਪਤਨੀ ਨੂੰ ਜ਼ਲੀਲ ਕਰ ਕੇ ਭੇਜ ਦਿੱਤਾ ਘਰ, ਸ਼ਰਮਸਾਰ ਹੋਈ ਨੇ ਜ਼ਹਿਰ ਨਿਗਲ ਕੇ ਦੇ ਦਿੱਤੀ ਜਾਨ

ਥਾਣੇ ਬੁਲਾ ਪਤੀ ਨੂੰ ਡੱਕਿਆ ਜੇਲ੍ਹ ਵਿਚ, ਪਤਨੀ ਨੂੰ ਜ਼ਲੀਲ ਕਰ ਕੇ ਭੇਜ ਦਿੱਤਾ ਘਰ, ਸ਼ਰਮਸਾਰ ਹੋਈ ਨੇ ਜ਼ਹਿਰ ਨਿਗਲ ਕੇ ਦੇ ਦਿੱਤੀ ਜਾਨ


ਵੀਓਪੀ ਬਿਊਰੋ, ਹੁਸ਼ਿਆਰਪੁਰ : ਜਲੰਧਰ ਵਿਚ ਥਾਣੇ ਵਿਚ ਜ਼ਲੀਲ ਕਰਨ ਤੋਂ ਬਾਅਦ ਦੋ ਭਰਾਵਾਂ ਵੱਲੋਂ ਬਿਆਸ ਦਰਿਆ ਵਿਚ ਛਾਲ ਮਾਰਨ ਦਾ ਮਾਮਲਾ ਹਾਲੇ ਠੰਢਾ ਹੋਇਆ ਨਹੀਂ ਸੀ ਕਿ ਹੁਣ ਅਜਿਹਾ ਹੀ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸਾਹਮਣੇ ਆ ਗਿਆ। ਥਾਣਾ ਹਰਿਆਣਾ ਪੁਲਿਸ ਦੀ ਪੁਲਿਸ ਉਤੇ ਦੋਸ਼ ਲੱਗੇ ਹਨ ਕਿ ਰਾਜ਼ੀਨਾਮੇ ਦੇ ਬਹਾਨੇ ਥਾਣੇ ਬੁਲਾ ਕੇ ਪਤੀ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਤੇ ਪਤਨੀ ਨੂੰ ਜ਼ਲੀਲ ਕਰ ਕੇ ਘਰ ਭੇਜ ਦਿੱਤਾ। ਇਸ ਕਾਰਨ ਸ਼ਰਮਸਾਰ ਹੋਈ ਪਤਨੀ ਨੇ ਘਰ ਆ ਕੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਦੀ ਇਸ ਕਾਰਵਾਈ ਤੋਂ ਪਰੇਸ਼ਾਨ ਹੋ ਕੇ ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਇਨਸਾਫ਼ ਮੰਗਿਆ।


ਥਾਣਾ ਇੰਚਾਰਜ ’ਤੇ ਦੋਸ਼ ਹਨ ਕਿ ਉਨ੍ਹਾਂ ਰਾਜ਼ੀਨਾਮੇ ਦਾ ਬਹਾਨਾ ਬਣਾ ਕੇ ਪਤੀ-ਪਤਨੀ ਨੂੰ ਥਾਣੇ ਬੁਲਾ ਲਿਆ ਪਰ ਉਥੇ ਪਹੁੰਚਦੇ ਹੀ ਪੁਲਿਸ ਨੇ ਬਗ਼ੈਰ ਕੋਈ ਗੱਲ ਕੀਤੇ ਪਤੀ ਦੀ ਤਲਾਸ਼ੀ ਲੈ ਕੇ ਉਸ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਜਦਕਿ ਪਤਨੀ ਨੂੰ ਬੇਇੱਜ਼ਤ ਕਰ ਕੇ ਘਰ ਭੇਜ ਦਿੱਤਾ। ਇਸ ਤੋਂ ਸ਼ਰਮਸਾਰ ਹੋਈ ਪਤਨੀ ਨੇ ਘਰ ਆ ਕੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ।
ਮ੍ਰਿਤਕਾ ਚਰਨਜੀਤ ਕੌਰ (50) ਵਾਸੀ ਨਵੀਂ ਬਸੀ ਥਾਣਾ ਹਰਿਆਣਾ ਦੇ ਪੁੱਤਰ ਨੀਰਜ ਕੁਮਾਰ ਨੇ ਦੱਸਿਆ ਕਿ ਉਹ 20 ਸਾਲਾਂ ਤੋਂ ਪਿੰਡ ਵਿਚ ਲਾਲ ਲਕੀਰ ਦੇ ਅੰਦਰ ਆ ਰਹੀ ਜ਼ਮੀਨ ’ਚ ਰਹਿ ਰਹੇ ਹਨ। ਉਕਤ ਜ਼ਮੀਨ ਦੇ ਮਾਲਕ ਦੇ ਘਰ ’ਚ ਹੀ ਕੰਮ ਕਰਦੇ ਸਨ। ਲਗਪਗ ਚਾਰ ਸਾਲ ਪਹਿਲਾਂ ਮਾਲਕ ਨੇ ਉਕਤ ਦੋ ਮਰਲੇ ਤੋਂ ਵੀ ਘੱਟ ਜ਼ਮੀਨ ਉਨ੍ਹਾਂ ਦੇ ਨਾਂ ਕਰ ਦਿੱਤੀ ਸੀ। ਜਿਸ ਨੇ ਜ਼ਮੀਨ ਦਿੱਤੀ ਸੀ, ਉਹ ਪਰਿਵਾਰ ਸਮੇਤ ਵਿਦੇਸ਼ ਚਲਾ ਗਿਆ। ਛੇ ਮਹੀਨੇ ਪਹਿਲਾਂ ਉਹ ਵਿਦੇਸ਼ੋਂ ਪਰਤ ਆਇਆ ਤੇ ਆਉਂਦੇ ਸਾਰ ਹੀ ਉਹ ਉਨ੍ਹਾਂ ਨੂੰ ਜ਼ਮੀਨ ਖਾਲੀ ਕਰਨ ਲਈ ਮਜਬੂਰ ਕਰਨ ਲੱਗਾ ਪਰ ਜਦੋਂ ਉਹ ਨਾ ਮੰਨੇ ਤਾਂ ਉਨ੍ਹਾਂ ਨੇ ਕੋਰਟ ਵਿਚ ਕੇਸ ਕਰ ਦਿੱਤਾ। ਉਨ੍ਹਾਂ ਨੇ ਵੀ ਜਵਾਬ ਵਿਚ ਕੇਸ ਕਰ ਦਿੱਤਾ।


ਇਸ ਤੋਂ ਬਾਅਦ ਜ਼ਮੀਨ ਦੇ ਮਾਲਕ ਨੇ ਪੁਲਿਸ ਥਾਣਾ ਹਰਿਆਣਾ ਦਾ ਸਹਾਰਾ ਲੈ ਕੇ ਉਨ੍ਹਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸੋਮਵਾਰ ਨੂੰ ਥਾਣਾ ਹਰਿਆਣਾ ਤੋਂ ਮਹਿਲਾ ਪੁਲਿਸ ਮੁਲਾਜ਼ਮ ਗੁਰਪ੍ਰੀਤ ਕੌਰ ਉਨ੍ਹਾਂ ਦੇ ਘਰ ਆਈ। ਉਸ ਨੇ ਆਉਂਦਿਆਂ ਹੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਨ੍ਹਾਂ ਨੇ ਜ਼ਮੀਨ ’ਤੇ ਕਬਜ਼ਾ ਕੀਤਾ ਹੈ, ਉਨ੍ਹਾਂ ’ਤੇ ਮਾਮਲਾ ਦਰਜ ਹੋਵੇਗਾ। ਜਦੋਂ ਪੁਲਿਸ ਮੁਲਾਜ਼ਮ ਨੂੰ ਜ਼ਮੀਨ ਦੇ ਕਾਗਜ਼ ਦਿਖਾਏ ਤਾਂ ਉਹ ਇਹ ਬੋਲ ਕੇ ਵਾਪਸ ਚਲੀ ਗਈ ਕਿ ਮੰਗਲਵਾਰ ਥਾਣੇ ਆ ਜਾਣਾ।ਮੰਗਲਵਾਰ ਨੂੰ ਉਹ ਕੰਮ ’ਤੇ ਚਲੇ ਗਏ। ਨੀਰਜ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਬਚਨ ਲਾਲ ਅਤੇ ਮਾਤਾ ਚਰਨਜੀਤ ਕੌਰ ਨੇ ਕਿਹਾ ਕਿ ਉਹ ਵੀਰਵਾਰ ਨੂੰ ਥਾਣੇ ਆ ਜਾਣਗੇ। ਬਾਵਜੂਦ ਇਸ ਦੇ ਵੀਰਵਾਰ ਸਵੇਰੇ ਹੀ ਪੁਲਿਸ ਉਨ੍ਹਾਂ ਦੇ ਘਰ ਆ ਗਈ ਅਤੇ ਉਸ ਦੀ ਮਾਤਾ ਅਤੇ ਪਿਤਾ ਨੂੰ ਥਾਣੇ ਲੈ ਗਈ। ਥਾਣੇ ’ਚ ਉਸ ਦੇ ਪਿਤਾ ਨੂੰ ਹਵਾਲਾਤ ਵਿਚ ਬੰਦ ਕਰ ਕੇ ਉਸ ਦੀ ਮਾਤਾ ਨੂੰ ਬੇਇੱਜ਼ਤ ਕਰ ਕੇ ਘਰ ਭੇਜ ਦਿੱਤਾ। ਇਸ ਤੋਂ ਸ਼ਰਮਸਾਰ ਹੋ ਕੇ ਮਾਤਾ ਚਰਨਜੀਤ ਕੌਰ ਨੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਖਬਰ ਜਾਰੀ ਹੈ….

ਓਧਰ ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਸੀ। ਲੜਾਈ-ਝਗੜਾ ਰੋਕਣ ਲਈ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਸੀ। ਪੁਲਿਸ ਨੇ ਕਿਸੇ ਨੂੰ ਬੇਇੱਜ਼ਤ ਤੇ ਜ਼ਲੀਲ ਨਹੀਂ ਕੀਤਾ। ਇਹ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!