ਮੋਬਾਈਲ ਫੋਨ ਖੋਹਣ ਵਾਲਿਆਂ ਨੂੰ ਮਿਲੀ ਕਰਮਾਂ ਦੀ ਸਜ਼ਾ! ਫਰਾਰ ਹੁੰਦਿਆਂ ਇਕ ਹੋਰ ਬਾਈਕ ਨਾਲ ਹੋਈ ਜ਼ਬਰਦਸਤ ਟੱਕਰ, ਬਾਈਕ ਚਲਾ ਰਹੇ ਮੁਲਜ਼ਮ ਦੀ ਮੌਤ, ਦੂਜੇ ਦੀ ਲੱਤ ਟੁੱਟੀ

ਮੋਬਾਈਲ ਫੋਨ ਖੋਹਣ ਵਾਲਿਆਂ ਨੂੰ ਮਿਲੀ ਕਰਮਾਂ ਦੀ ਸਜ਼ਾ! ਫਰਾਰ ਹੁੰਦਿਆਂ ਇਕ ਹੋਰ ਬਾਈਕ ਨਾਲ ਹੋਈ ਜ਼ਬਰਦਸਤ ਟੱਕਰ, ਬਾਈਕ ਚਲਾ ਰਹੇ ਮੁਲਜ਼ਮ ਦੀ ਮੌਤ, ਦੂਜੇ ਦੀ ਲੱਤ ਟੁੱਟੀ

ਵੀਓਪੀ ਬਿਊਰੋ, ਡੇਰਾਬਸੀ : ਡੇਰਾਬੱਸੀ ਈਸਾਪੁਰ ਰੇਲਵੇ ਫਾਟਕ ਨੇੜੇ ਇਕ ਜੂਸ ਵਿਕ੍ਰੇਤਾ ਦਾ ਮੋਬਾਈਲ ਖੋਹ ਕੇ ਭੱਜਣ ਵਾਲੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕਰਮਾਂ ਦੀ ਸਜ਼ਾ ਮੌਕੇ ਉਤੇ ਹੀ ਮਿਲ ਗਈ। ਕੁਝ ਹੀ ਦੂਰੀ ’ਤੇ ਹੀ ਉਨ੍ਹਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ। ਅਮਲਾਲਾ ਰੋਡ ’ਤੇ ਧਨੌਨੀ ਮੋੜ ’ਤੇ ਸਾਹਮਣਿਓਂ ਆ ਰਹੇ ਮੋਟਰਸਾਈਕਲ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਮੋਟਰਸਾਈਕਲ ਚਾਲਕ ਸੜਕ ’ਤੇ ਡਿੱਗ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਉਸ ਦੇ ਸਾਥੀ ਦੀ ਲੱਤ ਟੁੱਟ ਗਈ। ਟੱਕਰ ਨਾਲ ਦੂਜੇ ਮੋਟਰਸਾਈਕਲ ’ਤੇ ਸਵਾਰ ਦੋਵੇਂ ਭਰਾ ਵੀ ਜ਼ਖਮੀ ਹੋ ਗਏ। ਤਿੰਨਾਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਲੱਤ ਟੁੱਟੇ ਨੌਜਵਾਨ ਨੂੰ ਜੀ. ਐੱਮ. ਸੀ. 32 ਰੈਫਰ ਕਰ ਦਿੱਤਾ ਗਿਆ। ਡੇਰਾਬੱਸੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਅਸੀਸ ਵਾਸੀ ਸ਼ਿਮਲਾ ਅਤੇ ਜ਼ਖਮੀ ਨੌਜਵਾਨ ਦੀ ਪਛਾਣ ਵਿਕਰਮ ਵਾਸੀ ਪਿੰਡ ਨਾਭਾ ਸਾਹਿਬ ਜ਼ੀਰਕਪੁਰ ਵਜੋਂ ਹੋਈ ਹੈ। ਇਹ ਹਾਦਸਾ ਡੇਰਾਬੱਸੀ-ਧਨੌਨੀ ਰੋਡ ’ਤੇ ਕੰਟਰੀਸਾਈਡ ਪੈਲੇਸ ਦੇ ਸਾਹਮਣੇ ਵਾਪਰਿਆ, ਜਿੱਥੇ ਸੜਕ ’ਤੇ ਕਾਫੀ ਖਤਰਨਾਕ ਮੋੜ ’ਤੇ ਭੱਜ ਰਹੇ ਨੌਜਵਾਨਾਂ ਦੇ ਤੇਜ਼ ਰਫਤਾਰ ਪਲਸਰ ਮੋਟਰਸਾਈਕਲ ਨੇ ਆਪਣਾ ਸੰਤੁਲਨ ਗੁਆ ਦਿੱਤਾ ਤੇ ਡਿੱਗਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਸਾਹਮਣਿਓਂ ਆ ਰਹੇ ਇਕ ਹੋਰ ਮੋਟਰਸਾਈਕਲ ਨਾਲ ਵੀ ਟੱਕਰ ਹੋ ਗਈ।


ਦੂਜੇ ਪਾਸੇ ਪੰਜਗਰਾਮੀ ਵਾਲੇ ਪਾਸਿਓਂ ਆ ਰਹੇ ਮੋਟਰਸਾਈਕਲ ਸਵਾਰ ਕ੍ਰਿਸ਼ਨਨ ਕੁਮਾਰ ਅਤੇ ਉਸ ਦੇ ਭਰਾ ਵਾਸੀ ਡੇਰਾਬੱਸੀ ਦੇ ਵੀ ਸੱਟਾਂ ਲੱਗੀਆਂ। ਰਾਹਗੀਰਾਂ ਨੇ ਉਨ੍ਹਾਂ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਦਾ ਪਿੱਛਾ ਕਰਨ ਵਾਲੇ ਮੋਬਾਈਲ ਫੋਨ ਦੇ ਮਾਲਕ ਨੇ ਹਾਦਸੇ ਵਾਲੀ ਥਾਂ ਤੋਂ ਮੋਬਾਇਲ ਬਰਾਮਦ ਕਰ ਲਿਆ ਅਤੇ ਆਪਣਾ ਫੋਨ ਲੈ ਕੇ ਚਲਾ ਗਿਆ। ਇਸ ਸਬੰਧੀ ਜੂਸ ਵਿਕ੍ਰੇਤਾ ਸਾਨੂ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸ ਕੋਲ ਆਏ ਅਤੇ ਇਕ ਨੇ ਫੋਨ ਕਰਨ ਲਈ ਉਸ ਦਾ ਮੋਬਾਈਲ ਫੋਨ ਲੈ ਲਿਆ। ਇਸ ਦੌਰਾਨ ਉਹ ਫੋਨ ਲੈ ਕੇ ਭੱਜ ਗਏ।


ਹੌਲਦਾਰ ਧਰਮਰਾਜ ਨੇ ਦੱਸਿਆ ਕਿ ਉਸ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ ਹੈ।ਫਿਲਹਾਲ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ ਹੈ ਅਤੇ ਇਸ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੋਬਾਈਲ ਲੈ ਕੇ ਭੱਜਣ ਦੇ ਮਾਮਲੇ ’ਤੇ ਉਨ੍ਹਾਂ ਕਿਹਾ ਕਿ ਅਜੇ ਤਕ ਇਸ ਸਬੰਧੀ ਪੁਲਸ ਕੋਲ ਕੋਈ ਸ਼ਿਕਾਇਤ ਨਹੀਂ ਆਈ।

error: Content is protected !!