ਖੰਨਾ ਪੁਲਿਸ ਨੇ ਚੱਲ ਰਹੀ ਨਾਜਾਇਜ਼ ਹਥਿਆਰ ਬਣਾਉਣ ਦੀ ਫੈਕਟਰੀ ਦਾ ਕੀਤਾ ਪਰਦਾਫਾਸ਼, ਪੂਰੇ ਪੰਜਾਬ ਵਿਚ ਸਪਲਾਈ ਕੀਤਾ ਜਾਂਦਾ ਸੀ ਅਸਲਾ

ਖੰਨਾ ਪੁਲਿਸ ਨੇ ਚੱਲ ਰਹੀ ਨਾਜਾਇਜ਼ ਹਥਿਆਰ ਬਣਾਉਣ ਦੀ ਫੈਕਟਰੀ ਦਾ ਕੀਤਾ ਪਰਦਾਫਾਸ਼, ਪੂਰੇ ਪੰਜਾਬ ਵਿਚ ਸਪਲਾਈ ਕੀਤਾ ਜਾਂਦਾ ਸੀ ਅਸਲਾ


ਵੀਓਪੀ ਬਿਊਰੋ, ਖੰਨਾ : ਖੰਨਾ ਪੁਲਿਸ ਨੇ ਮੱਧ ਪ੍ਰਦੇਸ਼ ‘ਚ ਨਾਜਾਇਜ਼ ਅਸਲਾ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਫੈਕਟਰੀ ‘ਚ ਹਥਿਆਰ ਬਣਾਉਣ ਵਾਲੇ ਵਿਅਕਤੀ ਅਤੇ ਸਪਲਾਈ ਕਰਨ ਵਾਲੇ ਇੱਕ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ। ਦੋਹਾਂ ਕੋਲੋਂ 13 ਹਥਿਆਰ ਬਰਾਮਦ ਕੀਤੇ ਗਏ। ਮੁਲਜ਼ਮਾਂ ਦੀ ਪਛਾਣ ਖੰਨਾ ਦੀ ਜਗਤ ਕਾਲੋਨੀ ਵਾਸੀ ਵਿਸ਼ਾਲ ਕੁਮਾਰ ਅਤੇ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਪਿੰਡ ਸਿਗਨੂਰ ਵਾਸੀ ਵੀਰਪਾਲ ਸਿੰਘ ਟੋਨੀ ਵਜੋਂ ਹੋਈ। ਫੈਕਟਰੀ ਵਿਚੋਂ ਹਥਿਆਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਸਪਲਾਈ ਕੀਤੇ ਜਾਂਦੇ ਸਨ।


ਲੁਧਿਆਣਾ ਰੇਂਜ ਦੇ ਆਈ. ਜੀ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਐੱਸ. ਐੱਸ. ਪੀ. ਅਮਨੀਤ ਕੌਂਡਲ ਦੀ ਅਗਵਾਈ ਹੇਠ ਐੱਸ. ਪੀ. (ਆਈ) ਡਾ. ਪ੍ਰੱਗਿਆ ਜੈਨ ਅਤੇ ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਦੀ ਟੀਮ ਨੇ ਪਿੰਡ ਲਲਹੇੜੀ ਤੋਂ ਵਿਸ਼ਾਲ ਕੁਮਾਰ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ।ਵਿਸ਼ਾਲ ਕੁਮਾਰ ਦੇ ਕਈ ਗੈਂਗਸਟਰਾਂ ਨਾਲ ਸਬੰਧ ਹਨ। ਇਸ ਖ਼ਿਲਾਫ਼ ਪਹਿਲਾਂ ਹੀ 7 ਕੇਸ ਦਰਜ ਹਨ। ਉਹ ਜ਼ਮਾਨਤ ‘ਤੇ ਬਾਹਰ ਸੀ, ਜਿਸ ਕਾਰਨ ਪੁਲਿਸ ਨੇ ਵਿਸ਼ਾਲ ਕੁਮਾਰ ਦਾ ਰਿਮਾਂਡ ਹਾਸਲ ਕੀਤਾ। ਰਿਮਾਂਡ ਦੌਰਾਨ ਵਿਸ਼ਾਲ ਦੀ ਨਿਸ਼ਾਨਦੇਹੀ ‘ਤੇ ਪੁਆਇੰਟ 315 ਬੋਰ ਦੇ 2 ਦੇਸੀ ਪਿਸਤੌਲ ਬਰਾਮਦ ਹੋਏ। ਵਿਸ਼ਾਲ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਇਹ ਪਿਸਤੌਲ ਉਸ ਨੇ ਮੱਧ ਪ੍ਰਦੇਸ਼ ਦੇ ਵੀਰਪਾਲ ਤੋਂ ਖਰੀਦੇ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਵੀਰਪਾਲ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ।

ਜਦੋਂ ਖੰਨਾ ਪੁਲਿਸ ਦੀ ਟੀਮ ਨੇ ਵੀਰਪਾਲ ਦੇ ਮੱਧ ਪ੍ਰਦੇਸ਼ ਸਥਿਤ ਟਿਕਾਣੇ ‘ਤੇ ਛਾਪਾ ਮਾਰਿਆ ਤਾਂ ਉੱਥੋਂ ਪੁਆਇੰਟ 32 ਬੋਰ ਦੇ 11 ਦੇਸੀ ਪਿਸਤੌਲ ਬਰਾਮਦ ਹੋਏ। ਵੀਰਪਾਲ ਸਿੰਘ ਆਪਣੇ ਰਿਸ਼ਤੇਦਾਰ ਤਕਦੀਰ ਸਿੰਘ ਨਾਲ ਮਿਲ ਕੇ ਅਸਲਾ ਬਣਾਉਣ ਦਾ ਧੰਦਾ ਕਰਦਾ ਸੀ। ਤਕਦੀਰ ਸਿੰਘ ਨੂੰ 2 ਮਹੀਨੇ ਪਹਿਲਾਂ ਖੰਨਾ ਪੁਲਿਸ ਨੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਸਮੇਂ ਉਹ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ। ਆਈ. ਜੀ. ਸ਼ਰਮਾ ਨੇ ਦੱਸਿਆ ਕਿ ਤਕਦੀਰ ਅਤੇ ਵੀਰਪਾਲ ਖ਼ੁਦ ਹਥਿਆਰ ਬਣਾਉਂਦੇ ਸਨ। ਡਿਮਾਂਢ ‘ਤੇ ਦੇਸੀ ਪਿਸਤੌਲ ਵੇਚਦੇ ਸੀ। ਪੁਲਿਸ ਵੱਲੋਂ ਅ੍ਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ । ਨਾਜਾਇਜ਼ ਅਸਲੇ ਦੇ ਇਸ ਨੈਟਵਰਕ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ।

error: Content is protected !!