ਬਾਦਲ ਪਰਿਵਾਰ ਦੇ ਖਾਸਮਖਾਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ, ਕਿਹਾ-ਹੁਣ ਪਾਰਟੀ ਵਿਚ ਸਵਾਰਥ ਦਾ ਬੋਲਬਾਲਾ

ਬਾਦਲ ਪਰਿਵਾਰ ਦੇ ਖਾਸਮਖਾਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ, ਕਿਹਾ-ਹੁਣ ਪਾਰਟੀ ਵਿਚ ਸਵਾਰਥ ਦਾ ਬੋਲਬਾਲਾ


ਵੀਓਪੀ ਬਿਊਰੋ, ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਕ ਹੋਰ ਵੱਡਾ ਸਿਆਸੀ ਝਟਕਾ ਲੱਗਾ ਹੈ। ਹਲਕਾ ਰਾਜਾਸਾਂਸੀ ਦੇ ਸੀਨੀਅਰ ਅਕਾਲੀ ਆਗੂ ਅਤੇ ਐੱਸਓਆਈ ਦੇ ਲੀਡਰ ਗੁਰਸ਼ਰਨ ਸਿੰਘ ਛੀਨਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ੇ ਤੋਂ ਬਾਅਦ ਪਾਰਟੀ ਦੇ ਅੰਮ੍ਰਿਤਸਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਟਕਸਾਲੀ ਆਗੂਆਂ ਦੇ ਪਰਿਵਾਰਕ ਮੈਂਬਰ ਗੁਰਪ੍ਰਤਾਪ ਸਿੰਘ ਟਿੱਕਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ।
ਇਹ ਲਿਖਤੀ ਅਸਤੀਫਾ ਗੁਰਪ੍ਰਤਾਪ ਸਿੰਘ ਟਿੱਕਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੂੰ ਭੇਜਿਆ ਗਿਆ ਹੈ। ਟਿੱਕਾ ਨੇ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿਸੇ ਸਮੇਂ ਸਿੱਖਾਂ ਦੀ ਜ਼ਮਾਤ ਅਤੇ ਗ਼ਰੀਬਾਂ, ਮਜ਼ਲੂਮਾਂ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹੱਕਾਂ ਲਈ ਜੂਝਣ ਵਾਲੀ, ਕਿਸਾਨਾਂ ਦੇ ਹੱਕਾਂ ਲਈ ਲੜਨ ਵਾਲੀ ਜਮਾਤ ਵਜੋਂ ਜਾਣੀ ਜਾਂਦੀ ਸੀ। ਉਸ ਮਾਣਮੱਤੇ ਇਤਿਹਾਸ ਵਾਲੇ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਵਿੰਗ ਅਤੇ ਜ਼ਿਲ੍ਹਾ ਅਕਾਲੀ ਜੱਥਾ ਅੰਮ੍ਰਿਤਸਰ ਸ਼ਹਿਰੀ ਦੀ ਪ੍ਰਧਾਨਗੀ ਦੀ ਸੇਵਾ ਨਿਭਾਉਣ ਦਾ ਮੌਕਾ ਮੈਨੂੰ ਮਿਲਿਆ। ਜ਼ਿੰਦਗੀ ਦੇ 29 ਸਾਲ ਉਨ੍ਹਾਂ ਪਾਰਟੀ ਦੀ ਸੇਵਾ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ, ਪਰ ਪਿਛਲੇ 14-15 ਸਾਲਾਂ ਤੋਂ ਉਨ੍ਹਾਂ ਦੀਆਂ ਸੇਵਾਵਾਂ ਭਾਈ-ਭਤੀਜਾਵਾਦ ਤੇ ਪਰਿਵਾਰਵਾਦ ਦੀ ਭੇਟ ਚੜ੍ਹ ਗਈਆਂ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਇਹ ਵੀ ਸਬਕ ਮਿਲਿਆ ਕਿ ਕਿਵੇਂ ਰਾਜਸੱਤਾ ਹਾਸਲ ਕਰਨ ਲਈ ਜ਼ਮੀਰਾਂ ਅਤੇ ਜਜ਼ਬਾਤਾਂ ਦੀ ਸਿਆਸੀ ਸੌਦੇਬਾਜ਼ੀ ਹੁੰਦੀ ਹੈ।


ਰਾਜਨੀਤੀ ਵਿੱਚ ਤੁਹਾਡੇ ਨਾਲ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ, ਤੁਸੀਂ ਵੱਖ-ਵੱਖ ਸਮੇਂ ਸਿਰ ਸਿਆਸਤ ਵਿੱਚ ਬੁਲੰਦੀਆਂ ਹਾਸਲ ਕਰਦੇ ਗਏ ਅਤੇ ਜਿਸ ‘ਤੇ ਹਮੇਸ਼ਾ ਫਖਰ ਤੇ ਮਾਣ ਵੀ ਰਿਹਾ। ਮੈਨੂੰ ਸਾਜਿਸ਼ ਤਹਿਤ ਦਿਨੋਂ-ਦਿਨ ਪਿੱਛੇ ਧੱਕਿਆ ਗਿਆ ਪਰ ਮੈਂ ਇਹ ਸਭ ਕੁਝ ਚੁੱਪ-ਚਾਪ ਬਾਦਲ ਪਰਿਵਾਰ ਵੱਲੋਂ ਮਿਲਦੇ ਪਿਆਰ ਕਰਕੇ ਸਹਿੰਦਾ ਰਿਹਾ ਅਤੇ ਜਿਸ ਵਿੱਚ ਤੁਹਾਡੇ ਕੁਝ ਨਜ਼ਦੀਕੀ ਵੀ ਸ਼ਾਮਲ ਸਨ। ਉਹਨਾਂ ਨੂੰ ਮੇਰੀ ਤੁਹਾਡੇ ਨਾਲ ਪਰਿਵਾਰਕ ਨੇੜਤਾ ਕਦੇ ਵੀ ਹਜ਼ਮ ਨਹੀਂ ਹੋਈ।


ਪਰਿਵਾਰਕ ਤੌਰ ‘ਤੇ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਅਤੇ ਤੁਹਾਡੇ ਪਰਿਵਾਰ ਨਾਲ ਪਰਿਵਾਰਕ ਸਾਂਝ, ਨਿੱਜੀ ਪਿਆਰ ਵਿੱਚ ਭਾਵੇਂ ਕੋਈ ਕਮੀ ਨਹੀਂ ਸੀ ਪਰ ਰਾਜਨੀਤਕ ਪਿੜ ਵਿੱਚ ਇਹ ਨੇੜਤਾ ਮੇਰੇ ਲਈ ਨੁਕਸਾਨਦੇਹ ਸਾਬਿਤ ਹੋਈ। ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਸ਼੍ਰੋਮਣੀ ਅਕਾਲੀ ਦਲ ਨੂੰ ਦੇਣ ਦੇ ਬਾਵਜੂਦ ਵੀ ਰਾਜਨੀਤਿਕ ਪੱਖੋਂ ਉਭਾਰ ਨਾ ਹੋਣ ਦਾ ਕਾਰਨ ਇਹ ਨੇੜਤਾ ਸੀ। ਤੁਹਾਡੀਆਂ ਅੱਖਾਂ ਦੇ ਸਾਹਮਣੇ ਮੈਨੂੰ ਕਈ ਵਾਰ ਸਿਆਸੀ ਸਮਝੌਤਿਆਂ ਦੀ ਬਲੀ ਚੜ੍ਹਾਇਆ ਗਿਆ। ਮੌਜੂਦਾ ਸਮੇਂ ਵਿੱਚ ਪੰਥਕ ਵਿਚਾਰਧਾਰਾ ਨੂੰ ਲਾਂਭੇ ਰੱਖ ਕੇ ਪਾਰਟੀ ਵਿੱਚ ਸਵਾਰਥੀ ਅਤੇ ਵਪਾਰਕ ਸੋਚ ਰੱਖਣ ਵਾਲਿਆਂ ਦਾ ਜ਼ਿਆਦਾ ਬੋਲਬਾਲਾ ਹੈ। ਮੈਂ ਹੁਣ ਸਬਰ ਦਾ ਹੋਰ ਇਮਤਿਹਾਨ ਦੇਣ ਅਤੇ ਹੋਰ ਧੱਕਾ ਬਰਦਾਸ਼ਤ ਕਰਨ ਦੇ ਸਮਰਥ ਨਹੀਂ ਹਾਂ।ਨਿੱਜੀ ਤੌਰ ‘ਤੇ ਤੁਹਾਡਾ ਵੱਡੇ ਭਰਾਵਾਂ ਵਾਂਗ ਸਤਿਕਾਰ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹੇਗਾ। ਇਨ੍ਹਾਂ ਗੱਲਾਂ ਨੂੰ ਮੱਦੇਨਜ਼ਰ ਰੱਖਦਿਆਂ ਮੈਂ ਆਪਣੇ ਆਪ ਨੂੰ ਪਾਰਟੀ ਤੋਂ ਵੱਖ ਕਰਦਿਆਂ ਹੋਇਆ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ।

error: Content is protected !!