ਪੁੱਤ ਹੋਣ ਦੀ ਖੁਸ਼ੀ ਵਿਚ ਅਖਾੜਾ ਨਹਿਰ ਵਿਚ ਸੁੱਖ ਲਾਹੁਣ ਗਿਆ ਪਿਤਾ ਰੜ੍ਹਿਆ !

ਪੁੱਤ ਹੋਣ ਦੀ ਖੁਸ਼ੀ ਵਿਚ ਅਖਾੜਾ ਨਹਿਰ ਵਿਚ ਸੁੱਖ ਲਾਹੁਣ ਗਿਆ ਪਿਤਾ ਰੜ੍ਹਿਆ !


ਵੀਓਪੀ ਬਿਊਰੋ, ਜਗਰਾਓਂ : ਪੁੱਤ ਹੋਣ ਦੀ ਖ਼ੁਸ਼ੀ ’ਚ ਅਖਾੜਾ ਨਹਿਰ ’ਤੇ ਸੁੱਖ ਲਾਹੁਣ ਗਿਆ ਪਿਤਾ ਅਚਾਨਕ ਲਾਪਤਾ ਹੋ ਗਿਆ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਨਹਿਰ ’ਚ ਪ੍ਰਸ਼ਾਦ ਪਾਉਂਦਿਆਂ ਉਹ ਰੁੜ੍ਹ ਗਿਆ। ਗੋਤਾਖੋਰਾਂ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।ਪੁੱਤ ਦੇ ਜਨਮ ਲੈਣ ’ਤੇ ਘਰ ਵਿਚ ਖੁਸ਼ੀਆਂ ਦਾ ਮਾਹੌਲ ਮਨਜੀਤ ਦੇ ਲਾਪਤਾ ਹੋਣ ਕਾਰਨ ਗਮਗੀਨ ਹੋ ਗਿਆ। ਪੂਰਾ ਪਰਿਵਾਰ ਰੋ-ਰੋ ਕੇ ਬੇਸੁੱਧ ਹੋ ਗਿਆ, ਜਿਸ ਦੇ ਚੱਲਦਿਆਂ ਮਨਜੀਤ ਦੀ ਮਾਤਾ ਦੀ ਜ਼ਿਆਦਾ ਹਾਲਤ ਵਿਗੜਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।


ਜਾਣਕਾਰੀ ਅਨੁਸਾਰ ਜਗਰਾਓਂ ਦੇ ਫਿਲੀ ਗੇਟ ਵਾਸੀ ਮਨਜੀਤ ਸਿੰਘ ਉਰਫ ਮਨੀ ਦੇ ਘਰ ਪੁੱਤ ਨੇ ਜਨਮ ਲਿਆ। ਐਤਵਾਰ ਨਵਜੰਮੇ ਬੱਚੇ ਦੇ 13ਵੇਂ ’ਤੇ ਰਵਾਇਤ ਅਨੁਸਾਰ ਘਰ ’ਚ ਸਮਾਗਮ ਕਰਵਾਇਆ ਗਿਆ। ਦੁਪਹਿਰ ਮਿੱਠੇ ਚੌਲ ਬਣਾ ਕੇ ਅਖਾੜਾ ਨਹਿਰ ’ਤੇ ਪ੍ਰਸ਼ਾਦ ਚੜ੍ਹਾਉਣ ਲਈ ਮਨਜੀਤ ਆਪਣੇ ਮੋਟਰਸਾਈਕਲ ’ਤੇ ਚਲਾ ਗਿਆ।

ਕਾਫੀ ਸਮਾਂ ਬੀਤਣ ’ਤੇ ਵੀ ਜਦੋਂ ਵਾਪਸ ਨਾ ਆਇਆ ਤਾਂ ਪਰਿਵਾਰ ਉਸ ਦਾ ਪਤਾ ਕਰਨ ਲਈ ਅਖਾੜਾ ਨਹਿਰ ਪੁੱਜਾ। ਨਹਿਰ ’ਤੇ ਮਨਜੀਤ ਦਾ ਮੋਟਰਸਾਈਕਲ ਤੇ ਨਹਿਰ ਕੰਡੇ ਪਈਆਂ ਉਸ ਦੀਆਂ ਚੱਪਲਾਂ ਦੇਖ ਕੇ ਪਰਿਵਾਰ ਪਰੇਸ਼ਾਨ ਹੋ ਗਿਆ। ਕਾਫੀ ਭਾਲ ਕਰਨ ਤੋਂ ਬਾਅਦ ਵੀ ਜਦੋਂ ਨਹਿਰ ਕੰਡੇ ਹੀ ਮਿੱਠੇ ਚੌਲਾਂ ਦਾ ਜਿਸ ਡੋਲੂ ’ਚ ਪ੍ਰਸ਼ਾਦ ਬਣਾ ਕੇ ਲੈ ਗਿਆ ਸੀ, ਉਹ ਵੀ ਉਥੇ ਪਿਆ ਦੇਖ ਪਰਿਵਾਰ ਘਬਰਾ ਗਿਆ ਤੇ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ।
ਇਸ ਤੋਂ ਬਾਅਦ ਗੋਤਾਖੋਰਾਂ ਨੂੰ ਬੁਲਾਇਆ ਗਿਆ, ਕਿਉਂਕਿ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਪ੍ਰਸ਼ਾਦ ਚੜ੍ਹਾਉਂਦਿਆਂ ਮਨਜੀਤ ਦਾ ਪੈਰ ਨਾ ਤਿਲਕ ਗਿਆ ਹੋਵੇ, ਜਿਸ ਕਾਰਨ ਉਹ ਨਹਿਰ ’ਚ ਡਿੱਗ ਪਿਆ ਹੋਵੇ।

error: Content is protected !!