ਬਚਪਨ ਦੀ ਦੋਸਤ ਨਾਲ ਜਾਣਾ ਪਿਆ ਮਹਿੰਗਾ, ਕਸੂਤਾ ਫਸਿਆ ਨਾਨ-ਮੈਡੀਕਲ ਦਾ ਵਿਦਿਆਰਥੀ, ਪੁਲਿਸ ਨੇ ਦਬੋਚ ਕੇ ਪਾ ਦਿੱਤਾ ਪਰਚਾ

ਬਚਪਨ ਦੀ ਦੋਸਤ ਨਾਲ ਜਾਣਾ ਪਿਆ ਮਹਿੰਗਾ, ਕਸੂਤਾ ਫਸਿਆ ਨਾਨ-ਮੈਡੀਕਲ ਦਾ ਵਿਦਿਆਰਥੀ, ਪੁਲਿਸ ਨੇ ਦਬੋਚ ਕੇ ਪਾ ਦਿੱਤਾ ਪਰਚਾ


ਵੀਓਪੀ ਬਿਊਰੋ, ਲੁਧਿਆਣਾ : ਕਾਲਜ ਦੀਆਂ ਛੁੱਟੀਆਂ ਹੋਣ ਕਾਰਨ ਆਪਣੇ ਘਰ ਪਰਤ ਰਹੇ ਮੁੰਡੇ ਨੂੰ ਬਚਪਨ ਦੀ ਦੋਸਤ ਨਾਲ ਜਾਣਾ ਮਹਿੰਗਾ ਪੈ ਗਿਆ। ਕੁੜੀ ਨੇ ਆਪਣੇ ਨਾਲ ਜਾਣ ਦਾ ਕਿਹਾ ਤਾਂ ਉਹ ਚੱਲ ਪਿਆ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਇੰਨੀ ਵੱਡੀ ਮੁਸੀਬਤ ‘ਚ ਫਸ ਜਾਵੇਗਾ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਕੇ ਪਰਚਾ ਪਾ ਦਿੱਤਾ।


ਦਰਅਸਲ ਕੁੜੀ ਅਫ਼ੀਮ ਸਪਲਾਈ ਕਰਨ ਗਈ ਸੀ ਅਤੇ ਆਪਣੇ ਦੋਸਤ ਨੂੰ ਵੀ ਨਾਲ ਲੈ ਗਈ, ਜਿੱਥੇ ਪੁਲਿਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਕ ਥਾਣਾ ਜੀਆਰਪੀ ਦੇ ਸੀਆਈਏ ਵਿੰਗ ਨੇ ਐੱਲਐੱਲਬੀ ਕਰ ਰਹੀ ਵਿਦਿਆਰਥਣ ਅਤੇ ਨਾਨ-ਮੈਡੀਕਲ ਕਰ ਰਹੇ ਉਸ ਦੇ ਸਾਥੀ ਨੂੰ 4 ਕਿੱਲੋ ਅਫ਼ੀਮ ਸਣੇ ਕਾਬੂ ਕੀਤਾ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਨਸ਼ਾ ਤਸਕਰੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਾਹਨੇਵਾਲ ਦੀ ਰਹਿਣ ਵਾਲੀ ਨੇਹਾ ਕੁਮਾਰੀ ਉਰਫ਼ ਸਪਨਾ (20) ਅਤੇ ਸੂਰਜ ਕੁਮਾਰ ਪਾਂਡੇ (20) ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਐੱਸ. ਪੀ. ਬਲਰਾਮ ਰਾਣਾ ਨੇ ਦੱਸਿਆ ਕਿ ਸੀ. ਆਈ. ਏ. ਮੁਖੀ ਪਲਵਿੰਦਰ ਸਿੰਘ ਅਤੇ ਏ. ਐੱਸ. ਆਈ. ਬਲਵੀਰ ਸਿੰਘ ਦੀ ਟੀਮ ਰੇਲਵੇ ਸਟੇਸ਼ਨ ’ਤੇ ਡਿਊਟੀ ਦੌਰਾਨ ਮਾਲ ਗੁਦਾਮ ਵੱਲ ਚੈਕਿੰਗ ਕਰ ਰਹੀ ਸੀ ਤਾਂ ਦੋਵੇਂ ਸ਼ੱਕੀ ਹਾਲਾਤ ’ਚ ਬੈਠੇ ਸਨ। ਸ਼ੱਕ ਹੋਣ ’ਤੇ ਟੀਮ ਨੇ ਜਦੋਂ ਸਾਮਾਨ ਦੀ ਤਲਾਸ਼ੀ ਲਈ ਤਾਂ ਮੁਲਜ਼ਮਾਂ ਕੋਲੋਂ 4 ਕਿੱਲੋ ਅਫੀਮ ਬਰਾਮਦ ਹੋਈ।
ਪੁੱਛਗਿੱਛ ਦੌਰਾਨ ਸੂਰਜ ਨੇ ਦੱਸਿਆ ਕਿ ਕਾਲਜ ’ਚ ਛੁੱਟੀਆਂ ਹੋਣ ਕਾਰਨ ਉਹ ਆਪਣੀ ਮਾਤਾ ਕੋਲ ਆ ਰਿਹਾ ਸੀ ਤਾਂ ਨੇਹਾ ਨੇ ਉਸ ਨੂੰ ਆਪਣੇ ਨਾਲ ਚੱਲਣ ਲਈ ਕਿਹਾ। ਗਯਾ ’ਚ ਜਦੋਂ ਕਿਸੇ ਆਦਮੀ ਨੇ ਸਾਮਾਨ ਦਿੱਤਾ ਤਾਂ ਉਸ ਨੇ ਕਿਹਾ ਕਿ ਦਵਾਈ ਦਾ ਡੱਬਾ ਹੈ ਅਤੇ ਲੁਧਿਆਣਾ ’ਚ ਕੋਈ ਵਿਅਕਤੀ ਆ ਕੇ ਲੈ ਜਾਵੇਗਾ। ਉਹ ਸਟੇਸ਼ਨ ’ਤੇ ਪਹੁੰਚ ਕੇ ਉਸ ਵਿਅਕਤੀ ਦੀ ਉਡੀਕ ਕਰ ਰਹੇ ਸਨ ਕਿ ਦਬੋਚੇ ਗਏ।


ਪੁੱਛਗਿੱਛ ਦੌਰਾਨ ਮੁਲਜ਼ਮ ਨੇਹਾ ਨੇ ਦੱਸਿਆ ਕਿ ਉਹ ਪਟਨਾ ਵਿਖੇ ਆਪਣੇ ਨਾਨਕੇ ਘਰ ਰਹਿੰਦੀ ਹੈ ਅਤੇ ਐੱਲ. ਐੱਲ. ਬੀ. ਦੀ ਵਿਦਿਆਰਥਣ ਹੈ। ਉਸ ਦੀ ਮਾਤਾ ਲਧਿਆਣਾ ’ਚ ਸਾਹਨੇਵਾਲ ਦੇ ਨੇੜੇ ਰਹਿੰਦੀ ਹੈ।ਉਸ ਦੇ ਘਰ ਕੋਲ ਰਹਿਣ ਵਾਲੀ ਇਕ ਔਰਤ ਨੇ ਉਸ ਦੀ ਮਾੜੀ ਹਾਲਤ ਦੇਖ ਕੇ ਉਸ ਨੂੰ ਪੈਸੇ ਕਮਾਉਣ ਲਈ ਇਹ ਕੰਮ ਕਰਨ ਲਈ ਉਕਸਾਇਆ ਅਤੇ ਇਕ ਹੋਰ ਵਿਅਕਤੀ ਨਾਲ ਮਿਲਾ ਦਿੱਤਾ। ਉਸ ਨੇ ਉਸ ਨੂੰ ਗਯਾ ਦੇ ਇਕ ਵਿਅਕਤੀ ਨੂੰ ਮਿਲਾਇਆ। ਗਯਾ ’ਚ ਰਹਿਣ ਵਾਲਾ ਵਿਅਕਤੀ ਹੀ ਉਸ ਨੂੰ ਅਫ਼ੀਮ ਦਿੰਦਾ ਸੀ, ਜਿਸ ਨੂੰ ਉਸ ਨੇ ਲੁਧਿਆਣਾ ’ਚ ਕਿਸੇ ਨੂੰ ਦੇਣਾ ਹੁੰਦਾ ਸੀ। ਉਹ ਪਹਿਲਾਂ ਵੀ 2 ਵਾਰ ਗੇੜੇ ਲਗਾ ਚੁੱਕੀ ਹੈ। ਹਰ ਗੇੜੇ ਦੇ ਉਸ ਨੂੰ 10 ਹਜ਼ਾਰ ਰੁਪਏ ਪ੍ਰਤੀ ਗੇੜਾ ਮਿਲਦਾ ਸੀ। ਜਾਂਚ ਵਿਚ ਪਤਾ ਲੱਗਾ ਕਿ ਸੂਰਜ ਦੀ ਮਾਂ ਵੀ ਨੇਹਾ ਦੇ ਗੁਆਂਢ ’ਚ ਰਹਿੰਦੀ ਸੀ ਅਤੇ ਸੂਰਜ ਅਤੇ ਨੇਹਾ ਇਕ-ਦੂਜੇ ਨੂੰ ਬਚਪਨ ਤੋਂ ਜਾਣਦੇ ਹਨ। ਦੋਵੇਂ ਹੀ ਪਟਨਾ ’ਚ ਵੱਖ-ਵੱਖ ਕਾਲਜਾਂ ’ਚ ਪੜ੍ਹਦੇ ਸੀ।

error: Content is protected !!