CM ਮਾਨ ਦਾ ਮਨਪ੍ਰੀਤ ਬਾਦਲ ‘ਤੇ ਤੰਜ਼- ਹੁਣ ਕਿਉਂ ਭੱਜ ਰਹੇ ਹੋ, ਗੁਨਾਹਾਂ ਦਾ ਹਿਸਾਬ ਤਾਂ ਦੇਣਾ ਹੀ ਪੈਣਾ ਸ਼ੇਖੀਆਂ ਮਾਰਨ ਵਾਲਿਓ

CM ਮਾਨ ਦਾ ਮਨਪ੍ਰੀਤ ਬਾਦਲ ‘ਤੇ ਤੰਜ਼- ਹੁਣ ਕਿਉਂ ਭੱਜ ਰਹੇ ਹੋ, ਗੁਨਾਹਾਂ ਦਾ ਹਿਸਾਬ ਤਾਂ ਦੇਣਾ ਹੀ ਪੈਣਾ ਸ਼ੇਖੀਆਂ ਮਾਰਨ ਵਾਲਿਓ

ਚੰਡੀਗੜ੍ਹ (ਵੀਓਪੀ ਬਿਊਰੋ): ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ‘ਤੇ ਚੁਟਕੀ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਲੋਕਾਂ ਨੂੰ ਇਮਾਨਦਾਰੀ ਦਾ ਪਾਠ ਪੜ੍ਹਾਉਣ ਵਾਲੇ ਹੁਣ ਕਾਨੂੰਨ ਦੇ ਸ਼ਿਕੰਜੇ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਅੱਜ ਇੱਥੋਂ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੱਚ ਬੋਲਣ ਅਤੇ ਸੱਚ ’ਤੇ ਪਹਿਰਾ ਦੇਣ ਵਿੱਚ ਬਹੁਤ ਫਰਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਆਗੂ ਅਕਸਰ ਕਿਹਾ ਕਰਦਾ ਸੀ ਕਿ ਉਸ ਖ਼ਿਲਾਫ਼ ਜੋ ਵੀ ਕਾਰਵਾਈ ਹੋਵੇਗੀ, ਉਹ ਉਸ ਦਾ ਸਾਹਮਣਾ ਕਰਨਗੇ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਕਾਨੂੰਨੀ ਕਾਰਵਾਈ ਦੇ ਡਰ ਕਾਰਨ ਇਹ ਆਗੂ ਗ੍ਰਿਫਤਾਰ ਕੀਤੇ ਜਾਣ ਦਾ ਖਦਸ਼ਾ ਜ਼ਾਹਰ ਕਰਕੇ ਕਾਨੂੰਨੀ ਸੁਰੱਖਿਆ ਦੀ ਮੰਗ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਖੰਡੀ ਨੇਤਾਵਾਂ ਨੇ ਹਮੇਸ਼ਾ ਫੁੱਲਾਂ ਦੇ ਭਾਸ਼ਣਾਂ ਨਾਲ ਲੋਕਾਂ ਨੂੰ ਮੂਰਖ ਬਣਾਇਆ ਹੈ। ਉਨ੍ਹਾਂ ਕਿਹਾ ਕਿ ਲੋਕ ਸੇਵਾ ਦੀ ਆੜ ਵਿੱਚ ਇਨ੍ਹਾਂ ਆਗੂਆਂ ਨੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਕੀਤੀ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਆਪਣੇ ਗੁਨਾਹਾਂ ਦਾ ਹਿਸਾਬ ਦੇਣਾ ਪਵੇਗਾ ਅਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਇੱਕ-ਇੱਕ ਪੈਸਾ ਵਸੂਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਨੂੰ ਇਮਾਨਦਾਰੀ ਅਤੇ ਸਾਦਗੀ ਦੇ ਵੱਡੇ-ਵੱਡੇ ਦਾਅਵੇ ਕਰਨ ਦੀ ਬਜਾਏ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਵਿੱਤ ਮੰਤਰੀ ਦੀਆਂ ਕਰਤੂਤਾਂ ਤੋਂ ਸਾਰਾ ਪੰਜਾਬ ਭਲੀ-ਭਾਂਤ ਜਾਣੂ ਹੈ।

ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਲੰਮਾ ਸਮਾਂ ਵਿੱਤ ਮੰਤਰੀ ਰਹਿਣ ਦੇ ਬਾਵਜੂਦ ਲੋਕਾਂ ਦੇ ਖ਼ਜ਼ਾਨੇ ਨੂੰ ਲੁੱਟਣ ਵਾਲਿਆਂ ਨਾਲ ਮਿਲੀਭੁਗਤ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਮਨਪ੍ਰੀਤ ਵਿੱਤ ਮੰਤਰੀ ਸੀ ਤਾਂ ਲੋਕਾਂ ਦੀ ਭਲਾਈ ਲਈ ਖਜ਼ਾਨਾ ਖਾਲੀ ਸੀ ਪਰ ਕੁਝ ਲੋਕਾਂ ਨੂੰ ਸਰਕਾਰੀ ਖਜ਼ਾਨੇ ਦੇ ਪੈਸੇ ਦੀ ਅੰਨ੍ਹੇਵਾਹ ਲੁੱਟ ਕਰਨ ਦੀ ਖੁੱਲ੍ਹ ਦਿੱਤੀ ਗਈ।

error: Content is protected !!