ਵਿਆਹ ਤੋਂ 14 ਸਾਲ ਬਾਅਦ ਪਤਾ ਲੱਗਾ ਕਿ ਪਤਨੀ ਬੰਗਲਾਦੇਸ਼ੀ ਹੈ ! ਪੰਗਾ ਪੈਣ ਉਤੇ ਪਤੀ ਗ੍ਰਹਿ ਮੰਤਰਾਲਾ ਕੋਲੋਂ ਮੰਗਣ ਲੱਗਾ ਮਦਦ

ਵੀਓਪੀ ਬਿਊਰੋ, ਕੋਲਕਾਤਾ : ਮਹਾਨਗਰ ਦੇ ਤਿਲਜਲਾ ਇਲਾਕੇ ’ਚ ਇਕ ਵਿਅਕਤੀ ਨੂੰ ਆਪਣੇ ਵਿਆਹ ਤੋਂ 14 ਸਾਲਾਂ ਬਾਅਦ ਪਤਾ ਚਲਿਆ ਕਿ ਉਸ ਦੀ ਪਤਨੀ ਬੰਗਲਾਦੇਸ਼ੀ ਹੈ। ਹੁਣ ਪੰਗਾ ਪੈਣ ਉਤੇ ਉਸ ਨੇ ਗ੍ਰਹਿ ਮੰਤਰਾਲਾ ਕੋਲੋਂ ਮਦਦ ਮੰਗੀ ਹੈ। ਤਿਲਜਲਾ ਦੇ ਰਹਿਣ ਵਾਲੇ ਕਾਰੋਬਾਰੀ ਨੂੰ ਇਹ ਸਭ ਉਸ ਸਮੇਂ ਪਤਾ ਲੱਗਾ ਜਦੋਂ ਦੋਵਾਂ ਵਿਚਾਲੇ ਝਗੜਾ ਹੋ ਗਿਆ ਤੇ ਪਤਨੀ ਨੇ ਪਤੀ ਖ਼ਿਲਾਫ਼ ਧਾਰਾ 498ਏ ਤਹਿਤ ਥਾਣੇ ’ਚ ਮਾਮਲਾ ਦਰਜ ਕਰਵਾ ਦਿੱਤਾ। ਇਸ ਤੋਂ ਬਾਅਦ ਪਤਾ ਲੱਗਾ ਕਿ ਪਤਨੀ ਬੰਗਲਾਦੇਸ਼ੀ ਨਾਗਰਿਕ ਹੈ। ਇਸ ਤੋਂ ਬਾਅਦ ਪਤੀ ਨੇ ਐੱਫਆਈਆਰ ਦਰਜ ਕਰਾ ਕੇ ਗ੍ਰਹਿ ਮੰਤਰਾਲੇ ਤੋਂ ਕਾਨੂੰਨੀ ਮਦਦ ਵੀ ਮੰਗੀ ਹੈ।

ਔਰਤ ਨੇ ਸ਼ਿਕਾਇਤ ’ਚ ਦੋਸ਼ ਲਾਇਆ ਕਿ ਪਤੀ ਦੇ ਮਾਰਕੁੱਟ ਕਰਨ ਤੇ ਹੋਰ ਕਰੂਰਤਾਂ ਕਾਰਨ ਗਰਭਪਾਤ ਹੋ ਗਿਆ। ਧਾਰਾ 498ਏ ਆਈਪੀਸੀ ’ਚ ਇਕ ਅਜਿਹੀ ਧਾਰਾ ਹੈ ਜਿਹੜੀ ਔਰਤ ਆਪਣੇ ਪਤੀ ਤੇ ਸਹੁਰੇ ਵਾਲਿਆਂ ਖ਼ਿਲਾਫ਼ ਮਾਨਸਿਕ ਤੇ ਸਰੀਰਕ ਤਸੀਹੇ ਦਾ ਦੋਸ਼ ਲਾ ਕੇ ਦਰਜ ਕਰਵਾਉਂਦੀ ਹੈ। ਵਪਾਰੀ ਦੇ ਵਕੀਲ ਨੇ ਦਾਅਵਾ ਕੀਤਾ ਕਿ ਪੱਛਮੀ ਵਰਧਮਾਨ ਨਰਸਿੰਗ ਹੋਮ ਤੋਂ ਜਨਮ ਸਰਟੀਫਿਕੇਟ ਤੇ ਔਰਤ ਦੇ ਦੂਜੇ ਬੱਚੇ ਦੇ ਜ਼ਿੰਦਾ ਹੋਣ ਦੇ ਸਬੂਤ ਤੋਂ ਪਤਾ ਲੱਗਦਾ ਹੈ ਕਿ ਪਤਨੀ ਦੇ ਦਾਅਵਿਆਂ ’ਚ ਕੁਝ ਗੜਬੜੀ ਹੈ। ਵਕੀਲ ਨੇ ਕਿਹਾ ਕਿ ਪਤੀ-ਪਤਨੀ ’ਚ ਵਿਵਾਦ ਬਾਰੇ ਗੁਆਂਢ ’ਚ ਵੀ ਅਫ਼ਵਾਹਾਂ ਸਨ। ਇਸ ਤੋਂ ਬਾਅਦ ਪਤੀ ਨੂੰ ਪਤਨੀ ਦੀ ਰਿਹਾਇਸ਼ ਨੂੰ ਲੈ ਕੇ ਸ਼ੱਕ ਹੋਇਆ।

ਪਤੀ ਦੇ ਵਕੀਲ ਸ਼ਯਾਨ ਸਚਿਨ ਬਸੂ ਮੁਤਾਬਕ ਪਤਾ ਲੱਗਾ ਹੈ ਕਿ ਪਤਨੀ ਦਾ ਉੱਤਰ ਪ੍ਰਦੇਸ਼ ਦਾ ਭਾਰਤੀ ਨਾਗਰਿਕ ਹੋਣ ਦਾ ਸਰਟੀਫਿਕੇਟ ਫ਼ਰਜ਼ੀ ਤਰੀਕੇ ਨਾਲ ਬਣਾਇਆ ਗਿਆ ਸੀ। ਉਹ ਇਸ ਸਮੇਂ ਆਪਣੇ ਦੋ ਬੱਚਿਆਂ ਨਾਲ ਫ਼ਰਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਇਸ ਗੱਲ ਦੇ ਪੁਖ਼ਤਾ ਕਾਰਨ ਹਨ ਕਿ ਉਹ ਅਮਰੀਕਾ ਜਾਣਾ ਚਾਹੁੰਦੀ ਸੀ, ਜਿੱਥੇ ਉਸ ਦਾ ਭਰਾ ਰਹਿੰਦਾ ਹੈ। ਇਸ ਲਈ ਅਸੀਂ ਪਹਿਲਾਂ ਉਸ ਦੇ ਭਾਰਤੀ ਪਾਸਪੋਰਟ ਨੂੰ ਰੱਦ ਕਰਨ ਦੀ ਅਰਜ਼ੀ ਦਿੱਤੀ ਤਾਂ ਜੋ ਉਸ ਨੂੰ ਵੀਜ਼ਾ ਨਾ ਦਿੱਤਾ ਜਾਵੇ। ਵਕੀਲ ਨੇ ਕਿਹਾ ਕਿ ਦੋਵੇਂ ਉੱਤਰ ਪ੍ਰਦੇਸ਼ ’ਚ ਇਕ ਵਿਆਹ ਸਮਾਗਮ ’ਚ ਮਿਲੇ ਸਨ ਤੇ 2009 ’ਚ ਵਿਆਹ ਕਰ ਲਿਆ ਸੀ। ਸੂਚਨਾ ਦੇ ਅਧਿਕਾਰ ਤਹਿਤ ਅਰਜ਼ੀ ਦੇ ਜਵਾਬ ’ਚ ਪਤੀ ਨੂੰ ਮਈ ’ਚ ਗ੍ਰਹਿ ਮੰਤਰਾਲੇ (ਵਿਦੇਸ਼ ਵਿਭਾਗ) ਤੋਂ ਇਕ ਪੱਤਰ ਮਿਲਿਆ, ਜਿਸ ’ਚ ਕਿਹਾ ਗਿਆ ਸੀ ਕਿ ਦਫ਼ਤਰ ਨੂੰ ਇਨਪੁੱਟ ਮਿਲਿਆ ਹੈ ਕਿ ਉਹ ਇਕ ਬੰਗਲਾਦੇਸ਼ੀ ਨਾਗਰਿਕ ਹੈ ਤੇ ਬੰਗਲਾਦੇਸ਼ੀ ਪਾਸਪੋਰਟ ਧਾਰਕ ਹੈ। ਉਸ ਨੇ ਧੋਖੇ ਨਾਲ ਭਾਰਤੀ ਪਾਸਪੋਰਟ ਹਾਸਲ ਕੀਤਾ ਹੈ।