ਝੱਟ ਮੰਗਣੀ-ਪੱਟ ਵਿਆਹ ਫਿਰ ਪੰਜ ਦਿਨਾਂ ਬਾਅਦ ਹੀ ਤਲਾਕ ! ਹੈਰਾਨ ਕਰ ਦੇਵੇਗਾ ਲੋਹੀਆਂ ਖਾਸ ਦਾ ਇਹ ਮਾਮਲਾ

ਝੱਟ ਮੰਗਣੀ-ਪੱਟ ਵਿਆਹ ਫਿਰ ਪੰਜ ਦਿਨਾਂ ਬਾਅਦ ਹੀ ਤਲਾਕ ! ਹੈਰਾਨ ਕਰ ਦੇਵੇਗਾ ਲੋਹੀਆਂ ਖਾਸ ਦਾ ਇਹ ਮਾਮਲਾ


ਵੀਓਪੀ ਬਿਊਰੋ, ਲੋਹੀਆਂ ਖ਼ਾਸ-ਪੰਜਾਬ ਵਿਚ ਵਿਆਹਾਂ ਨੂੰ ਲੈ ਕੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਹਿਲਾਂ ਬਠਿੰਡਾ ਵਿਚ ਦੋ ਕੁੜੀਆਂ ਵੱਲੋਂ ਵਿਆਹ ਕਰਵਾਉਣ ਦਾ ਮਾਮਲਾ ਕਾਫੀ ਭੱਖਿਆ ਸੀ। ਹੁਣ ਇਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਝੱਟ ਮੰਗਣੀ, ਪੱਟ ਵਿਆਹ ਵਾਲੀ ਕਹਾਵਤ ਤਾਂ ਸੁਣੀ ਹੋਵੇਗੀ। ਲੋਹੀਆਂ ਦੀ ਸਬ-ਤਹਿਸੀਲ ਵਿਖੇ ਵੀ ਇਸੇ ਤਰ੍ਹਾਂ ਵਾਪਰਿਆ, ਇਕ ਜੋੜੇ ਦਾ “ਝੱਟ ਮੰਗਣੀ, ਪੱਟ ਵਿਆਹ” ਹੋਇਆ ਪਰ ਪੰਜ ਦਿਨਾਂ ਬਾਅਦ ਹੀ ਤਲਾਕ ਤਕ ਗੱਲ ਪਹੁੰਚ ਗਈ ਤੇ ਦੋਵਾਂ ਜੀਆਂ ਨੇ ਵੱਖ-ਵੱਖ ਰਹਿਣ ਦਾ ਫੈਸਲਾ ਕਰ ਲਿਆ।

ਇੱਥੇ ਨਵ ਵਿਆਹੇ ਜੋੜੇ ਜਿਨ੍ਹਾਂ ਦਾ ਲੰਘੀ 24 ਸਤੰਬਰ ਨੂੰ ਹੀ ਵਿਆਹ ਹੋਇਆ ਸੀ, 29 ਸਤੰਬਰ ਨੂੰ ਦੋਹਾਂ ਜੀਆਂ ਨੇ ਦੋਵੇਂ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਮਿਲਣ ਤੋਂ ਬਾਅਦ ਵੱਖ-ਵੱਖ ਰਹਿਣ ਦਾ ਫੈਸਲਾ ਕਰ ਲਿਆ। ਇਸ ਸਬੰਧੀ ਲੋਹੀਆਂ ਦੀ ਸਬ-ਤਹਿਸੀਲ ’ਚ ਲਿਖੇ ਗਏ ਆਪਣੇ ਹਲਫ਼ੀਆ ਬਿਆਨ ’ਚ ਬਲਜਿੰਦਰ ਕੌਰ ਧਾਲੀਵਾਲ ਪੁੱਤਰੀ ਜੋਗਾ ਸਿੰਘ ਧਾਲੀਵਾਲ ਵਾਸੀ ਨਵਾਂ ਪਿੰਡ ਨੈਚਾਂ ਤਹਿਸੀਲ ਫਿਲੌਰ ਜਲੰਧਰ ਨੇ ਕਿਹਾ ਕਿ ਉਸ ਦੇ ਮਾਪਿਆਂ ਨੇ ਉਸ ਦੀ ਮਰਜ਼ੀ ਖ਼ਿਲਾਫ਼ ਵਿਆਹ ਕੀਤਾ ਹੈ। ਇਸ ਲਈ ਉਹ ਆਪਣੇ ਸਹੁਰਾ ਪਰਿਵਾਰ ਨਾਲ ਨਹੀਂ ਰਹਿਣਾ ਚਾਹੁੰਦੀ।

ਇਸ ਮੌਕੇ ਉਸ ਨਾਲ ਮਾਂ ਰਾਣੀ, ਗੋਰਾਇਆ ਦੇ ਕੌਂਸਲਰ ਹਰਮੇਸ਼ ਲਾਲ, ਵਿਚੋਲਣ ਜਸਵੀਰ ਕੌਰ ਵੀ ਹਾਜ਼ਰ ਸਨ। ਇਸ ਸਬੰਧੀ ਲੜਕੇ ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਬਾਦਸ਼ਾਹਪੁਰ (ਕਪੂਰਥਲਾ) ਹਾਲ ਵਾਸੀ ਪਿੰਡ ਨੱਲ੍ਹ ਤਹਿਸੀਲ ਸ਼ਾਹਕੋਟ (ਜਲੰਧਰ) ਨੇ ਕਿਹਾ ਕਿ ਉਹ ਵਿਦੇਸ਼ ’ਚ ਰਹਿੰਦਾ ਹੈ। ਵਿਆਹ ਦੇ ਪਹਿਲੇ ਦਿਨ ਤੋਂ ਹੀ ਕੁੜੀ ਨੇ ਹੋਰ ਦੋਸਤ ਹੋਣ ਕਾਰਨ ਉਸ ਨੂੰ ਛੱਡਣ ਦੀ ਜ਼ਿੱਦ ਕਰਨੀ ਸ਼ੁਰੂ ਕਰ ਦਿੱਤੀ। ਇਸ ’ਤੇ ਉਨ੍ਹਾਂ ਦੇ ਸਾਂਝੇ ਰਿਸ਼ਤੇਦਾਰਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਪਰ ਕੁੜੀ ਨਹੀਂ ਮੰਨੀ, ਜਿਸ ਕਾਰਨ ਅੱਜ ਤੋੜ-ਵਿਛੋੜੇ ਦਾ ਇਹ ਹਲਫ਼ੀਆ ਬਿਆਨ ਲਿਖਣਾ ਪੈ ਰਿਹਾ ਹੈ। ਇਸ ਹਲਫ਼ੀਆ ਬਿਆਨ ’ਚ ਦੋਹਾਂ ਧਿਰਾਂ ਨੇ ਵਾਅਦਾ ਕੀਤਾ ਹੈ ਕਿ ਉਹ ਆਪਣਾ ਅਗਲਾ ਜੀਵਨ ਇਕੱਲੇ-ਇਕੱਲੇ ਬਿਤਾਉਣਗੇ। ਉਨ੍ਹਾਂ ਇਸ ਸਬੰਧੀ ਅਦਾਲਤ ਰਾਹੀਂ ਵੀ ਤਲਾਕ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਮੁੰਡੇ ਦੇ ਪਰਿਵਾਰ ਵੱਲੋਂ ਉਨ੍ਹਾਂ ਦਾ ਭਰਾ ਮਨਜੀਤ ਸਿੰਘ, ਅਮਰੀਕ ਸਿੰਘ, ਬੂਟਾ ਸਿੰਘ, ਰਣਜੀਤ ਸਿੰਘ, ਜੀਤ ਸਿੰਘ ਅਤੇ ਦੇਸ ਰਾਜ ਸਾ. ਸਰਪੰਚ ਵਾੜਾ ਬੁੱਧ ਸਿੰਘ ਵੀ ਹਾਜ਼ਰ ਸਨ।

error: Content is protected !!