ਨਿਲਾਮੀ ਲਈ ਰੱਖਿਆ ਪੀਐਮ ਮੋਦੀ ਨੂੰ ਤੋਹਫੇ ਵਜੋਂ ਮਿਲਿਆ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਹੋਣ ਲੱਗਾ ਵਿਰੋਧ

ਨਿਲਾਮੀ ਲਈ ਰੱਖਿਆ ਪੀਐਮ ਮੋਦੀ ਨੂੰ ਤੋਹਫੇ ਵਜੋਂ ਮਿਲਿਆ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਹੋਣ ਲੱਗਾ ਵਿਰੋਧ


ਵੀਓਪੀ ਬਿਊਰੋ, ਨੈਸ਼ਨਲ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਸੋਵੀਨੀਅਰ ਅਤੇ ਤੋਹਫ਼ਿਆਂ ਦੀ ਈ-ਨਿਲਾਮੀ 2 ਅਕਤੂਬਰ ਨੂੰ ਸ਼ੁਰੂ ਹੋਈ ਸੀ। ਇਹ ਨਿਲਾਮੀ 31 ਅਕਤੂਬਰ ਤੱਕ ਜਾਰੀ ਰਹੇਗੀ।ਇਸ ਵਾਰ 912 ਵਸਤੂਆਂ ਈ-ਨਿਲਾਮੀ ਲਈ ਰੱਖੀਆਂ ਗਈਆਂ ਹਨ।
ਪੀਐਮ ਮੋਦੀ ਨੂੰ ਤੋਹਫੇ ਵਿਚ ਮਿਲੇ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਨੂੰ ਵੀ ਈ-ਨਿਲਾਮੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਉਤੇ ਪੰਜਾਬ ਦੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਸਮੇਤ ਐਸਜੀਪੀਸੀ ਵੱਲੋਂ ਵੀ ਇਤਰਾਜ ਪ੍ਰਗਟ ਕੀਤਾ ਗਿਆ ਹੈ।

ਨਿਲਾਮੀ ਸੂਚੀ ਵਿਚੋਂ ਬਾਹਰ ਕੱਢਿਆ ਜਾਵੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ : ਰਾਜਾ ਵੜਿੰਗ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਟਵਿੱਟ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਪੀ.ਐੱਮ ਜੀ ਤੁਸੀਂ ਪ੍ਰਧਾਨ ਮੰਤਰੀ ਵਜੋਂ ਤੁਹਾਡੇ ਦੁਆਰਾ ਪ੍ਰਾਪਤ ਕੀਤੇ ਤੋਹਫ਼ਿਆਂ ਦੀ ਨਿਲਾਮੀ ਦੀ ਪ੍ਰਕਿਰਿਆ ਵਿੱਚ ਹੋ, ਜਿਸ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਮਾਡਲ ਵੀ ਸ਼ਾਮਲ ਹੈ। ਤੁਹਾਨੂੰ ਇਸ ਨੂੰ ਸੂਚੀ ਵਿੱਚੋਂ ਬਾਹਰ ਕੱਢਣ ਲਈ ਬੇਨਤੀ ਕੀਤੀ ਜਾਂਦੀ ਹੈ ਕਿਉਂਕਿ ਇਹ ਕੋਈ ਵਸਤੂ ਨਹੀਂ ਹੈ ਜੋ ਮੁਦਰਾ ਦੇ ਰੂਪ ਵਿੱਚ ਕਿਸੇ ਵੀ ਸੀਮਤ ਮੁੱਲ ਨੂੰ ਆਕਰਸ਼ਿਤ ਕਰ ਸਕਦੀ ਹੈ। ਇਸ ਨਾਲ ਸਿੱਖਾਂ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਹਰ ਪੰਜਾਬੀ ਲਈ ਸਭ ਤੋਂ ਉੱਚਾ ਅਧਿਆਤਮਿਕ ਅਤੇ ਅਸਥਾਈ ਅਸਥਾਨ ਹੈ। ਮੈਂ ਐਸਜੀਪੀਸੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਮੁੱਦੇ ਨੂੰ ਤੁਰੰਤ ਪ੍ਰਧਾਨ ਮੰਤਰੀ ਦਫ਼ਤਰ ਕੋਲ ਪੇਸ਼ ਕਰੇ।

ਆਮ ਨਹੀਂ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦਾ ਤੋਹਫਾ, ਘਰ ਵਿਚ ਸਜਾ ਕੇ ਰੱਖੋ ਮੋਦੀ ਜੀ : ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਮਿਲੇ ਸਨਮਾਨਾਂ ਅਤੇ ਤੋਹਫਿਆਂ ਦੀ ਕੀਤੀ ਜਾ ਰਹੀ ਨਿਲਾਮੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਹਿਬ ਦੇ ਮਾਡਲ ਨੂੰ ਨਿਲਾਮ ਨਹੀਂ ਕੀਤਾ ਜਾਣਾ ਚਾਹੀਦਾ। ਇਹ ਆਮ ਤੋਹਫ਼ਾ ਨਹੀਂ ਸਗੋਂ ਇੱਕ ਸ਼ਰਧਾ ਅਤੇ ਸਤਿਕਾਰ ਦਾ ਪ੍ਰਤੀਕ ਹੈ। ਮੈਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਹਾਂ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਨੂੰ ਆਪਣੇ ਗ੍ਰਹਿ ਵਿਖੇ ਸਜ਼ਾ ਕੇ ਰੱਖਣ।

ਨਿਲਾਮੀ ਬਾਰੇ ਜਾਣ ਕੇ ਡੂੰਘਾ ਦੁੱਖ ਪੁੱਜਾ : ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵਿੱਟ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਮੈਨੂੰ ਇਹ ਜਾਣ ਕੇ ਗਹਿਰਾ ਦੁੱਖ ਲੱਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਭੇਂਟ ਕੀਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਮਾਡਲ ਨੂੰ ਸਰਕਾਰ ਬੋਲੀ ਵਿੱਚ ਵੇਚਣ ਜਾ ਰਹੀ ਹੈ। ਇਹ ਮਾਡਲ ਅਕਾਲ ਪੁਰਖ ਅਤੇ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਅਤੇ ਅਸ਼ੀਰਵਾਦ ਦੇ ਪਵਿੱਤਰ ਚਿੰਨ੍ਹ ਵਜੋਂ ਭੇਂਟ ਕੀਤਾ ਗਿਆ ਸੀ ਅਤੇ ਇਸ ਨੂੰ ਨੀਲਾਮ ਕਰਨਾ ਇਸ ਦਾ ਘੋਰ ਨਿਰਾਦਰ ਹੋਏਗਾ ਤੇ ਇਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਮੇਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਸਨਿਮਰ ਬੇਨਤੀ ਕਿ ਇਸ ਨੀਲਾਮੀ ਨੂੰ ਤੁਰੰਤ ਰੋਕਿਆ ਜਾਵੇ। ਜੇਕਰ ਸਰਕਾਰ ਆਪਣੇ ਆਪ ਨੂੰ ਇਸ ਪਾਵਨ ਅਤੇ ਅਣਮੁੱਲੀ ਬਖ਼ਸ਼ਿਸ਼ ਨੂੰ ਸੰਭਾਲਣ ਤੋਂ ਅਸਮਰੱਥ ਮਹਿਸੂਸ ਕਰਦੀ ਹੈ ਤਾਂ ਮੇਰੀ ਬੇਨਤੀ ਹੈ ਕਿ ਇਸ ਪਵਿੱਤਰ ਚਿੰਨ੍ਹ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਿਸ ਸੌਂਪਣ ਦੀ ਕਿਰਪਾਲਤਾ ਕੀਤੀ ਜਾਵੇ।

error: Content is protected !!