ਕੇਜਰੀਵਾਲ ਨੂੰ ਸੰਮਨ ਭੇਜਣ ਤੋਂ ਬਾਅਦ ED ਨੇ ਪੰਜਾਬ ਦੇ ਇਸ ‘ਆਪ’ ਵਿਧਾਇਕ ਦੇ ਘਰ ਤੇ ਦਫਤਰ ‘ਚ ਕੀਤੀ ਛਾਪੇਮਾਰੀ
ਚੰਡੀਗੜ੍ਹ (ਵੀਓਪੀ ਬਿਊਰੋ): ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਦੀ ਜਾਂਚ ਦਾ ਸੇਕ ਹੁਣ ਦਿੱਲੀ ਤੋਂ ਪੰਜਾਬ ਤੱਕ ਪਹੁੰਚ ਗਿਆ ਹੈ। ਈਡੀ ਨੇ ਸਵੇਰੇ ਪੰਜਾਬ ਦੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਅਤੇ ਦਫਤਰਾਂ ‘ਤੇ ਛਾਪੇਮਾਰੀ ਕੀਤੀ। ਮੁਹਾਲੀ ਤੋਂ ਇਲਾਵਾ ਪੰਜਾਬ ਅਤੇ ਰਾਜਸਥਾਨ ਵਿੱਚ 12 ਥਾਵਾਂ ’ਤੇ ਇੱਕੋ ਸਮੇਂ ਈਡੀ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਅਧਿਕਾਰੀਆਂ ਵੱਲੋਂ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਇਹ ਛਾਪੇਮਾਰੀ ਕਿਸ ਮਾਮਲੇ ਵਿੱਚ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਦਿੱਲੀ ਦੀ ਸ਼ਰਾਬ ਨੀਤੀ ਦੇ ਮਾਮਲੇ ਵਿਚ ਕੀਤੀ ਜਾ ਰਹੀ ਹੈ। ਜਿਸ ਵਿੱਚ ਸ਼ਰਾਬ ਦੇ ਠੇਕੇਦਾਰਾਂ ਨਾਲ ਉਸ ਦੀ ਸ਼ਮੂਲੀਅਤ ਦਾ ਸ਼ੱਕ ਹੈ।
ਮੁਹਾਲੀ ਵਿੱਚ ਜਿੱਥੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਅਤੇ ਦਫ਼ਤਰ ਵਿੱਚ ਦਸਤਾਵੇਜ਼ਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਸਥਿਤ ਵਿਧਾਇਕ ਦੀ ਭਾਈਵਾਲੀ ਫਰਮ ‘ਤੇ ਵੀ ਈਡੀ ਦੀਆਂ ਟੀਮਾਂ ਪਹੁੰਚ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੁਹਾਲੀ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਦੇ ਨਾਲ-ਨਾਲ ਰਾਜਸਥਾਨ ਦੇ ਸ੍ਰੀ ਗੰਗਾਨਗਰ ਸਮੇਤ ਪੂਰੇ ਪੰਜਾਬ ਵਿੱਚ ਤਲਾਸ਼ੀ ਜਾਰੀ ਹੈ। ਇਸ ਦੌਰਾਨ ਮੁਹਾਲੀ ਦਾ ਵੱਡਾ ਸੀਏ ਵੀ ਈਡੀ ਦੇ ਰਡਾਰ ’ਤੇ ਹੈ।
ਹਾਲ ਹੀ ਵਿੱਚ ਵਾਤਾਵਰਣ ਕਲੀਅਰੈਂਸ ਦੇ ਇੱਕ ਮਾਮਲੇ ਵਿੱਚ ਕੁਲਵੰਤ ਸਿੰਘ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ। ਇਸ ਸਬੰਧੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਮਾਨ ਨੂੰ ਕਿਹਾ ਕਿ ਇੱਥੇ ਸਿਰਫ਼ ਤੁਹਾਡੇ ਵਿਧਾਇਕ ਹੀ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਹੇ ਹਨ। ਇਸ ਦੀ ਆੜ ਵਿੱਚ ਉਹ ਨਿਯਮਾਂ ਦੀ ਵੀ ਉਲੰਘਣਾ ਕਰ ਰਹੇ ਹਨ, ਜਿਸ ਨੂੰ ਕਾਬੂ ਕਰਨ ਦੀ ਲੋੜ ਹੈ।
ਕੁਲਵੰਤ ਸਿੰਘ ‘ਤੇ ਛਾਪੇ ਨੇ ਪੰਜਾਬ ਦੀ ਸਿਆਸਤ ‘ਚ ਵੀ ਹਲਚਲ ਮਚਾ ਦਿੱਤੀ ਹੈ। ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਵਿੱਚ ਵੀ 550 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ ਹੋਇਆ ਹੈ। ਮਜੀਠੀਆ ਨੇ ਟਵੀਟ ਕੀਤਾ, ‘ਈਡੀ ਨੇ ਦਿੱਲੀ ਅਤੇ ਪੰਜਾਬ ਦੇ ਸ਼ਰਾਬ ਘੁਟਾਲੇ ਦੇ ਸਬੰਧ ‘ਚ ‘ਆਪ’ ਵਿਧਾਇਕ ਕੁਲਵੰਤ ਸਿੰਘ ‘ਤੇ ਛਾਪਾ ਮਾਰਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕਰਨ ਤੋਂ ਬਾਅਦ ਹੁਣ ਈਡੀ ਨੇ ਸ਼ਰਾਬ ਘੁਟਾਲੇ ਦੀ ਪੰਜਾਬ ਕੜੀ ਖੋਲ੍ਹਣੀ ਸ਼ੁਰੂ ਕਰ ਦਿੱਤੀ ਹੈ। ਮਹੱਤਵਪੂਰਨ ਹੈ ਕਿ ਪੰਜਾਬ ਵਿੱਚ 550 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ। ਇਸ ਦਾ ਸਿੱਧਾ ਫਾਇਦਾ ਸੀ.ਐਮ ਭਗਵੰਤ ਮਾਨ ਅਤੇ ਹਰਪਾਲ ਚੀਮਾ ਨੂੰ ਹੋਇਆ ਹੈ।
Punjab political ED raid AAP MLA cm mann kejriwal