ਪੰਜਾਬ ਪੁਲਿਸ ਦੀ ਹਿਰਾਸਤ ਵਿਚੋਂ ਚੁੱਪ-ਚਾਪ ਖਿਸਕ ਗਈ ਮੁਲਜ਼ਮ ਔਰਤ, ਹੱਥ ਮਲਦੇ ਰਹਿ ਗਏ ਮੁਲਾਜ਼ਮ, ਪੈ ਗਈਆਂ ਭਾਜੜਾਂ

ਪੰਜਾਬ ਪੁਲਿਸ ਦੀ ਹਿਰਾਸਤ ਵਿਚੋਂ ਚੁੱਪ-ਚਾਪ ਖਿਸਕ ਗਈ ਮੁਲਜ਼ਮ ਔਰਤ, ਹੱਥ ਮਲਦੇ ਰਹਿ ਗਏ ਮੁਲਾਜ਼ਮ, ਪੈ ਗਈਆਂ ਭਾਜੜਾਂ


ਵੀਓਪੀ ਬਿਊਰੋ, ਖੰਨਾ : ਖੰਨਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਦੀ ਹਿਰਾਸਤ ‘ਚੋਂ ਇਕ ਔਰਤ ਦੇ ਭੱਜਣ ਦਾ ਸਮਾਚਾਰ ਹੈ। ਸਰਕਾਰੀ ਹਸਪਤਾਲ ਵਿਖੇ ਮੈਡੀਕਲ ਦੌਰਾਨ ਪੁਲਿਸ ਵਾਲਿਆਂ ਨੂੰ ਪਤਾ ਵੀ ਨਹੀਂ ਲੱਗਿਆ ਕਿ ਕਦੋਂ ਇਹ ਔਰਤ ਚੁੱਪਚਾਪ ਖ਼ਿਸਕ ਗਈ। ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੂੰ ਭਾਜੜਾਂ ਪੈ ਗਈਆਂ। ਜਾਣਕਾਰੀ ਮੁਤਾਬਕ ਉਕਤ ਔਰਤ ਪ੍ਰੀਤੀ ਖੰਨਾ ਦੀ ਰਹਿਣ ਵਾਲੀ ਹੈ। ਉਸ ਨੇ ਕੁਝ ਸਮਾਂ ਪਹਿਲਾਂ ਖੰਨਾ ‘ਚ ਲਵ ਮੈਰਿਜ ਕਰਵਾਈ ਸੀ। ਖੰਨਾ ਥਾਣਾ ਸਦਰ ਦੀ ਪੁਲਿਸ ਨੇ ਪ੍ਰੀਤੀ ਤੇ ਉਸ ਦੇ ਪਤੀ ਮਲਾਗਰ ਸਿੰਘ ਖ਼ਿਲਾਫ਼ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਉਸ ‘ਤੇ ਪੋਕਸੋ ਐਕਟ ਵੀ ਲਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਮੁਲਜ਼ਮ ਔਰਤ ਪ੍ਰੀਤੀ ਨੂੰ ਗ੍ਰਿਫ਼+ਤਾਰ ਕਰ ਲਿਆ ਸੀ।


ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਲੇਡੀ ਕਾਂਸਟੇਬਲ ਨਾਲ ਸੀ। ਜਦੋਂ ਪੁਲਿਸ ਟੀਮ ਐਮਰਜੈਂਸੀ ਵਾਰਡ ‘ਚ ਸੀ ਤਾਂ ਮੁਲਜ਼ਮ ਔਰਤ ਅੱਖ ਬਚਾ ਕੇ ਮੇਨ ਗੇਟ ਤੋਂ ਬਾਹਰ ਭੱਜ ਗਈ ਅਤੇ ਦੁਬਾਰਾ ਨਹੀਂ ਮਿਲੀ। ਮੈਡੀਕਲ ਪ੍ਰਕਿਰਿਆ ਦੌਰਾਨ ਪੁਲਸ ਨੂੰ ਪਤਾ ਹੀ ਨਹੀਂ ਲੱਗਾ ਕਿ ਮੁਲਜ਼ਮ ਔਰਤ ਕਦੋਂ ਖ਼ਿਸਕ ਗਈ। ਉਸ ਦੇ ਫ਼ਰਾਰ ਹੋਣ ਤੋਂ ਬਾਅਦ ਪੁਲਿਸ ਟੀਮਾਂ ਕਈ ਘੰਟਿਆਂ ਤਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਉਸ ਦੀ ਭਾਲ ਕਰਦੀਆਂ ਰਹੀਆਂ। ਦੁਕਾਨਾਂ ‘ਤੇ ਕੈਮਰਿਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਔਰਤ ਬੱਸ ਸਟੈਂਡ ਵੱਲ ਜਾ ਰਹੀ ਸੀ।


ਇਸ ਤੋਂ ਬਾਅਦ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਔਰਤ ਬੱਸ ‘ਚ ਬੈਠ ਕੇ ਫ਼ਰਾਰ ਹੋ ਗਈ ਪਰ ਔਰਤ ਕੋਲ ਨਾ ਤਾਂ ਆਧਾਰ ਕਾਰਡ ਸੀ ਅਤੇ ਨਾ ਹੀ ਕੋਈ ਪੈਸਾ। ਇਸ ਲਈ ਉਸ ਦਾ ਬਹੁਤਾ ਦੂਰ ਜਾਣਾ ਸੰਭਵ ਨਹੀਂ ਹੈ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਮੁਲਜ਼ਮ ਔਰਤ ਯੂਪੀ ਭੱਜ ਸਕਦੀ ਹੈ। ਇਸ ਸਬੰਧੀ ਪੁਲਸ ਨੇ ਘਟਨਾ ਤੋਂ ਬਾਅਦ ਸ਼ੰਭੂ ਬਾਰਡਰ ‘ਤੇ ਅਲਰਟ ਕਰ ਦਿੱਤਾ ਸੀ। ਥਾਣਾ ਮੁਖੀ ਹਰਦੀਪ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਾਂਚ ਕਰ ਰਹੇ ਹਾਂ। ਹਾਲੇ ਮੁਲਜ਼ਮ ਔਰਤ ਬਹੁਤੀ ਦੂਰ ਨਹੀਂ ਜਾ ਸਕਦੀ। ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

error: Content is protected !!