ਪੰਨੂੰ ਦੀ ਧਮਕੀ ਤੋਂ ਬਾਅਦ ਅੰਮ੍ਰਿਤਸਰ ਏਅਰਪੋਰਟ ‘ਤੇ ਵਧਾਈ ਸੁਰੱਖਿਆ

ਪੰਨੂੰ ਦੀ ਧਮਕੀ ਤੋਂ ਬਾਅਦ ਅੰਮ੍ਰਿਤਸਰ ਏਅਰਪੋਰਟ ‘ਤੇ ਵਧਾਈ ਸੁਰੱਖਿਆ

ਵੀਓਪੀ ਬਿਊਰੋ – ਸਿੱਖ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ 19 ਨਵੰਬਰ ਨੂੰ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ (ਐਸਜੀਆਰਡੀ) ਹਵਾਈ ਅੱਡੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਾਰੇ ਸ਼ਹਿਰਾਂ ‘ਚ ਅਲਰਟ ਜਾਰੀ ਕਰਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਕੈਨੇਡਾ ਸਥਿਤ ਅੱਤਵਾਦੀ ਪੰਨੂ ਦੀ ਪੰਜਾਬ ਦੇ ਸੰਵੇਦਨਸ਼ੀਲ ਇਲਾਕਿਆਂ ‘ਚ ਦਹਿਸ਼ਤ ਫੈਲਾਉਣ ਦੀ ਯੋਜਨਾ ਨੂੰ ਨਾਕਾਮ ਕਰਨ ਲਈ ਪੁਲਿਸ ਫੋਰਸ ਅਤੇ ਕੇਂਦਰੀ ਏਜੰਸੀਆਂ ਲਗਾਤਾਰ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਕ ਸੰਦੇਸ਼ ‘ਚ ਅੱਤਵਾਦੀ ਪੰਨੂ ਨੇ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਬੰਬਾਂ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਇਸ ਦੇ ਨਾਲ ਹੀ ਪੰਨੂ ਨੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ 19 ਨਵੰਬਰ ਨੂੰ ਏਅਰ ਇੰਡੀਆ ਦੀ ਕਿਸੇ ਵੀ ਫਲਾਈਟ ਰਾਹੀਂ ਯਾਤਰਾ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।

ਹਾਲ ਹੀ ਵਿੱਚ ਖੁਫੀਆ ਏਜੰਸੀਆਂ ਨੂੰ ਇਨਪੁਟ ਮਿਲੇ ਹਨ ਕਿ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਪਿਛਲੇ ਦੋ ਹਫਤਿਆਂ ਦੌਰਾਨ ਲੰਡਨ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਏਜੰਟਾਂ ਨਾਲ ਮੁਲਾਕਾਤ ਕੀਤੀ ਹੈ। ਇਸ ਦੇ ਲਈ ਆਈਐਸਆਈ ਨੇ ਅੱਤਵਾਦੀ ਨੂੰ ਹਜ਼ਾਰਾਂ ਡਾਲਰ ਵੀ ਦਿੱਤੇ ਸਨ। ਖੁਫੀਆ ਏਜੰਸੀ ਦੇ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਉਕਤ ਰਕਮ ਆਈ.ਐੱਸ.ਆਈ. ਵੱਲੋਂ ਪਾਕਿਸਤਾਨ ਦੀ ਸਰਹੱਦ ‘ਤੇ ਬੈਠੇ ਸਮੱਗਲਰਾਂ ਅਤੇ ਅੱਤਵਾਦੀ ਸਮਰਥਕਾਂ ਨੂੰ ਦਿੱਤੀ ਗਈ ਹੈ, ਤਾਂ ਜੋ ਪੈਸੇ ਦੇ ਲਾਲਚ ‘ਚ ਉਹ ਪੰਨੂ ਦੇ ਇਸ਼ਾਰੇ ‘ਤੇ ਧਮਾਕੇ ਕਰ ਸਕਣ।

ਫਿਲਹਾਲ ਕੇਂਦਰੀ ਖੁਫੀਆ ਏਜੰਸੀ ਨੇ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਕੇਂਦਰੀ ਗ੍ਰਹਿ ਵਿਭਾਗ ਨੂੰ ਭੇਜ ਦਿੱਤੀ ਹੈ। ਏਜੰਸੀ ਦੇ ਉੱਚ ਅਧਿਕਾਰੀ ਸਥਾਨਕ ਪੁਲਿਸ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਅੱਤਵਾਦੀ ਪੰਨੂ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ 19 ਨਵੰਬਰ ਨੂੰ ਬੰਦ ਰੱਖਣ ਲਈ ਵੀ ਕਿਹਾ ਹੈ।

error: Content is protected !!