ਆਪਣੇ ਮੂੰਹੋ ਮੀਆਂ ਮਿੱਠੂ…. ਕੇਜਰੀਵਾਲ ਨੇ ਹੁਸ਼ਿਆਰਪੁਰ ‘ਚ ਮਾਨ ਸਰਕਾਰ ਦੀ ਕੀਤੀ ਰੱਜ ਕੇ ਤਾਰੀਫ, ਕਿਹਾ- ਬੜਾ ਕੰਮ ਹੋ ਗਿਆ ਪੰਜਾਬ ‘ਚ
ਹੁਸ਼ਿਆਰਪੁਰ (ਵੀਓਪੀ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਹੁਸ਼ਿਆਰਪੁਰ ‘ਚ ਵਿਕਾਸ ਕ੍ਰਾਂਤੀ ਰੈਲੀ ‘ਚ ਪਹੁੰਚੇ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਬਹੁਤ ਕੰਮ ਕੀਤਾ ਗਿਆ ਹੈ… ਸ਼ਾਨਦਾਰ ਸਕੂਲ ਬਣਾਏ ਜਾ ਰਹੇ ਹਨ।
ਅੰਮ੍ਰਿਤਸਰ ਵਿੱਚ ਇੱਕ ਸਰਕਾਰੀ ਸਕੂਲ ਬਣਾਇਆ ਗਿਆ ਹੈ। ਅਜਿਹਾ ਹੀ ਇੱਕ ਸਕੂਲ ਹੁਸ਼ਿਆਰਪੁਰ ਵਿੱਚ ਬਣ ਰਿਹਾ ਹੈ… ਹੁਣ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਦੇ ਬੱਚੇ ਵੱਡੇ ਸਕੂਲਾਂ ਵਿੱਚ ਪੜ੍ਹਣਗੇ। ਕੇਜਰੀਵਾਲ ਨੇ ਕਿਹਾ ਕਿ ‘ਆਪ’ ਹੀ ਅਜਿਹੀ ਪਾਰਟੀ ਹੈ ਜੋ ਕਹਿੰਦੀ ਹੈ ਕਿ ਸਾਨੂੰ ਵੋਟ ਦਿਓ, ਅਸੀਂ ਤੁਹਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਵਾਂਗੇ।
ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਲੋਕ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਆਪਣੀ ਆਪ ਹੀ ਤਾਰੀਫ਼ ਕਰੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਸੀ ਕਿ ਇਹ ਸੁਣ ਕੇ ਤਾਂ ਉਹ ਕਹਾਵਤ ਯਾਦ ਆ ਗਈ ਕਿ ਆਪਣੇ ਮੂੰਹੋ ਮੀਆਂ ਮਿੱਠੂ…।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਹੁਸ਼ਿਆਰਪੁਰ ਵਿੱਚ ਵਿਕਾਸ ਕ੍ਰਾਂਤੀ ਰੈਲੀ ਦੌਰਾਨ 900 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ।
ਇਸ ਰੈਲੀ ਨੂੰ ਲੋਕ ਸਭਾ ਚੋਣ ਪ੍ਰਚਾਰ ਦੀ ਸ਼ੁਰੂਆਤ ਨਾਲ ਜੋੜਿਆ ਜਾ ਰਿਹਾ ਹੈ।