2500 ਗਜ਼ ਦੇ ਪਲਾਟ ਦੇ ਇੰਤਕਾਲ ਬਦਲੇ 34 ਲੱਖ ਦੀ ਰਿਸ਼ਵਤ, ਪਟਵਾਰੀ, ਉਸ ਦਾ ਭਰਾ ਤੇ ਪਿਤਾ ਉਤੇ ਵਿਜੀਲੈਂਸ ਦਾ ਸ਼ਿਕੰਜਾ

2500 ਗਜ਼ ਦੇ ਪਲਾਟ ਦੇ ਇੰਤਕਾਲ ਬਦਲੇ 34 ਲੱਖ ਦੀ ਰਿਸ਼ਵਤ, ਪਟਵਾਰੀ, ਉਸ ਦਾ ਭਰਾ ਤੇ ਪਿਤਾ ਉਤੇ ਵਿਜੀਲੈਂਸ ਦਾ ਸ਼ਿਕੰਜਾ


ਵੀਓਪੀ ਬਿਊਰੋ, ਚੰਡੀਗੜ੍ਹ : 2500 ਗਜ਼ ਦੇ ਪਲਾਟ ਦੇ ਇੰਤਕਾਲ ਬਦਲੇ 34 ਲੱਖ ਦੀ ਰਿਸ਼ਵਤ ਲੈਣ ਵਾਲਿਆਂ ਖ਼ਿਲਾਫ਼ ਪੰਜਾਬ ਵਿਜੀਲੈਂਸ ਬਿਊਰੋ ਨੇ ਕਾਰਵਾਈ ਕੀਤੀ ਹੈ। ਮਾਲ ਹਲਕਾ ਪੀਰੂਬੰਦਾ, ਪੂਰਬੀ ਲੁਧਿਆਣਾ ਵਿਖੇ ਤਾਇਨਾਤ ਮਾਲ ਪਟਵਾਰੀ ਗੁਰਵਿੰਦਰ ਸਿੰਘ ਅਤੇ ਉਸ ਦੇ ਨਿੱਜੀ ਏਜੰਟ ਨਿੱਕੂ ਵਿਰੁੱਧ 34.70 ਲੱਖ ਰੁਪਏ ਰਿਸ਼ਵਤ ਲੈਣ ਲਈ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਕੇਸ ’ਚ ਪਟਵਾਰੀ ਦੇ ਭਰਾ ਤੇ ਪਿਤਾ ਨੂੰ ਵੀ ਰਿਸ਼ਵਤ ਲੈਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਸ਼ਾਮਲ ਕੀਤਾ ਹੈ।


ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬੱਬੂ ਤੰਵਰ ਵਾਸੀ ਬਠਿੰਡਾ ਨੇ ਉਕਤ ਪਟਵਾਰੀ ਅਤੇ ਉਸ ਦੇ ਪ੍ਰਾਈਵੇਟ ਏਜੰਟ ਖਿਲਾਫ਼ ਸ਼ਿਕਾਇਤ ਦਿੱਤੀ ਸੀ ਕਿ ਮੁਲਜ਼ਮਾਂ ਨੇ ਸਾਲ 1994 ਵਿੱਚ ਰਜਿਸਟਰੀ ਹੋਈ ਆਪਣੇ ਪਿਤਾ ਦੀ ਜਾਇਦਾਦ ਦਾ ਇੰਤਕਾਲ ਮਨਜ਼ੂਰ ਕਰਾਉਣ ਬਦਲੇ 40 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਹੈ।
ਸ਼ਿਕਾਇਤ ਦੀ ਪੜਤਾਲ ਪਿੱਛੋਂ ਸਾਹਮਣੇ ਆਇਆ ਕਿ ਪਟਵਾਰੀ, ਉਸ ਦੇ ਏਜੰਟ ਨਿੱਕੂ, ਪਿਤਾ ਪਰਮਜੀਤ ਸਿੰਘ ਅਤੇ ਪਟਵਾਰੀ ਦੇ ਭਰਾ ਨੇ ਮਿਲੀਭੁਗਤ ਕਰ ਕੇ ਉਸ ਦੇ ਪਿਤਾ ਦੀ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਸਥਿਤ ਜਾਇਦਾਦ ਦੇ ਇੰਤਕਾਲ ਨੂੰ ਮਨਜ਼ੂਰੀ ਦੇਣ ਬਦਲੇ ਵੱਖ-ਵੱਖ ਸਮਿਆਂ ’ਤੇ 4 ਵਾਰ ਕੁਲ 27,50,000 ਰੁਪਏ ਰਿਸ਼ਵਤ ਲਈ ਹੈ।


ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਪਟਵਾਰੀ ਅਤੇ ਉਸ ਦੇ ਏਜੰਟ ਨੇ ਉਸ ਤੋਂ ਸਮਾਰਟ ਘੜੀਆਂ ਸਮੇਤ 2 ਆਈਫੋਨ ਤੇ 3 ਲੱਖ ਰੁਪਏ ਕੀਮਤ ਵਾਲੀਆਂ ਪਾਕਿਸਤਾਨੀ ਜੁੱਤੀਆਂ ਖਰੀਦਣ ਲਈ 3,40,000 ਰੁਪਏ ਵੀ ਲਏ ਸਨ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਵੱਲੋਂ ਉਕਤ ਪਟਵਾਰੀ ਦੇ ਵਿਚੋਲੀਏ ਨਿੱਕੂ ਦੀ ਜਨਮ ਦਿਨ ਪਾਰਟੀ ਮੌਕੇ ਵੀ 80,000 ਰੁਪਏ ਖਰਚ ਕੀਤੇ ਸਨ। ਬੁਲਾਰੇ ਨੇ ਦੱਸਿਆ ਕਿ ਤਫ਼ਤੀਸ਼ ਮੁਤਾਬਕ ਉਕਤ ਪਟਵਾਰੀ ਨੇ ਨਾ ਤਾਂ ਇਸ ਜਾਇਦਾਦ ਦਾ ਇੰਤਕਾਲ ਦਰਜ ਕੀਤਾ ਤੇ ਨਾ ਹੀ ਸ਼ਿਕਾਇਤਕਰਤਾ ਤੋਂ ਪ੍ਰਾਪਤ ਕੀਤੀ ਰਕਮ ਵਾਪਸ ਕੀਤੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਦੋਵਾਂ ਮੁਲਜ਼ਮਾਂ ਨੇ ਰਿਸ਼ਵਤ ਲੈ ਕੇ ਵੀ ਉਸ ਨਾਲ ਠੱਗੀ ਕੀਤੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧ ‘ਚ ਪਟਵਾਰੀ ਗੁਰਵਿੰਦਰ ਸਿੰਘ ਤੇ ਉਸ ਦੇ ਸਾਥੀ ਨਿੱਕੂ ਸਮੇਤ ਪਟਵਾਰੀ ਦੇ ਭਰਾ ਅਤੇ ਪਿਤਾ ਨੂੰ ਰਿਸ਼ਵਤ ਮੰਗਣ ਅਤੇ ਲੈਣ ਤੇ ਆਪਸੀ ਮਿਲੀਭੁਗਤ ਨਾਲ ਸਾਜ਼ਿਸ਼ ਰਚਣ ‘ਚ ਦੋਸ਼ੀ ਪਾਉਂਦਿਆਂ ਇਨ੍ਹਾਂ ’ਤੇ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਕਤ ਮੁਲਜ਼ਮ ਪੁੱਛਗਿੱਛ ’ਚ ਸ਼ਾਮਲ ਹੋਣ ਲਈ ਨਹੀਂ ਆਏ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!