ਥਾਈਲੈਂਡ-ਸ੍ਰੀਲੰਕਾ ਤੋਂ ਬਾਅਦ ਹੁਣ ਇਸ ਦੇਸ਼ ‘ਚ ਵੀ ਭਾਰਤੀਆਂ ਨੂੰ ਮਿਲੇਗੀ ਵੀਜ਼ਾ ਫ੍ਰੀ ਐਂਟਰੀ

ਥਾਈਲੈਂਡ-ਸ੍ਰੀਲੰਕਾ ਤੋਂ ਬਾਅਦ ਹੁਣ ਇਸ ਦੇਸ਼ ‘ਚ ਵੀ ਭਾਰਤੀਆਂ ਨੂੰ ਮਿਲੇਗੀ ਵੀਜ਼ਾ ਫ੍ਰੀ ਐਂਟਰੀ


ਵੀਓਪੀ ਬਿਊਰੋ, ਨੈਸ਼ਨਲ-ਥਾਈਲੈਂਡ, ਸ੍ਰੀਲੰਕਾ ਤੋਂ ਬਾਅਦ ਹੁਣ ਇਕ ਹੋਰ ਦੇਸ਼ ਨੇ ਭਾਰਤੀਆਂ ਦੀ ਵੀਜ਼ਾ ਫ੍ਰੀ ਐਂਟਰੀ ਦਾ ਐਲਾਨ ਕੀਤਾ ਹੈ। ਜੇਕਰ ਤੁਸੀਂ ਮਲੇਸ਼ੀਆ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਕ ਖੁਸ਼ੀ ਦੀ ਖਬਰ ਹੈ। ਦਰਅਸਲ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਐਲਾਨ ਕੀਤਾ ਕਿ ਮਲੇਸ਼ੀਆ 1 ਦਸੰਬਰ ਤੋਂ ਚੀਨ ਤੇ ਭਾਰਤ ਦੇ ਨਾਗਰਿਕਾਂ ਨੂੰ 30 ਦਿਨਾਂ ਲਈ ਵੀਜ਼ਾ ਮੁਕਤ ਐਂਟਰੀ ਦੇਵੇਗਾ।

ਅਨਵਰ ਨੇ ਐਤਵਾਰ ਦੇਰ ਰਾਤ ਆਪਣੀ ਪੀਪਲਜ਼ ਜਸਟਿਸ ਪਾਰਟੀ ਕਾਂਗਰਸ ‘ਚ ਇਕ ਭਾਸ਼ਣ ਦੌਰਾਨ ਇਹ ਐਲਾਨ ਕੀਤਾ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਵੀਜ਼ਾ ਛੋਟ ਕਿੰਨੇ ਸਮੇਂ ਲਈ ਲਾਗੂ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਥਾਈਲੈਂਡ ਤੇ ਸ਼੍ਰੀਲੰਕਾ ‘ਚ ਭਾਰਤੀਆਂ ਨੂੰ ਪਹਿਲਾਂ ਹੀ ਵੀਜ਼ਾ ਫ੍ਰੀ ਐਂਟਰੀ ਮਿਲਦੀ ਹੈ। ਹੁਣ ਮਲੇਸ਼ੀਆ ਅਜਿਹਾ ਕਰਨ ਵਾਲਾ ਤੀਜਾ ਏਸ਼ਿਆਈ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਮਲੇਸ਼ੀਆ ਨੇ ਕੁਵੈਤ, ਸਾਊਦੀ ਅਰਬ, ਬਹਿਰੀਨ, ਯੂਏਈ, ਤੁਰਕੀ, ਜਾਰਡਨ ਅਤੇ ਈਰਾਨ ਨੂੰ ਇਹ ਛੋਟ ਦਿੱਤੀ ਸੀ। ਹਾਲਾਂਕਿ, ਇਹ ਸਾਰੇ ਮੁਸਲਿਮ ਦੇਸ਼ ਹਨ।


ਇੱਥੇ ਦੱਸ ਦੇਈਏ ਕਿ ਮਲੇਸ਼ੀਆ ਜਾਣ ਵਾਲੇ ਸੈਲਾਨੀਆਂ ‘ਚ ਚੀਨ ਚੌਥੇ ਤੇ ਭਾਰਤ ਪੰਜਵੇਂ ਸਥਾਨ ‘ਤੇ ਹੈ। ਦੋਵੇਂ ਦੇਸ਼ ਮਲੇਸ਼ੀਆ ਲਈ ਵੱਡੇ ਬਾਜ਼ਾਰ ਹਨ। ਸਰਕਾਰੀ ਅੰਕੜਿਆਂ ਮੁਤਾਬਕ ਮਲੇਸ਼ੀਆ ‘ਚ ਇਸ ਸਾਲ ਜਨਵਰੀ ਤੋਂ ਜੂਨ ਦਰਮਿਆਨ 9.16 ਕਰੋੜ ਸੈਲਾਨੀ ਆਏ, ਜਿਨ੍ਹਾਂ ਵਿਚ ਚੀਨ ਦੇ 4 ਲੱਖ 98 ਹਜ਼ਾਰ 540 ਸੈਲਾਨੀ ਅਤੇ ਭਾਰਤ ਦੇ 2 ਲੱਖ 83 ਹਜ਼ਾਰ 885 ਸੈਲਾਨੀ ਸ਼ਾਮਲ ਹਨ।

error: Content is protected !!