ਪਹਿਲਾਂ ਮਾਰਦਾ ਰਿਹਾ ਦੱਬਕੇ, ਫਿਰ ਤਰਲਿਆਂ ਉਤੇ ਆ ਗਿਆ,  ਸਟਿੰਗ ਵਿਚ ਕਸੂਤਾ ਫਸਿਆ ਸਰਕਾਰੀ ਬਾਬੂ, ਮੰਗਣ ਲੱਗਾ ਮਾਫ਼ੀਆਂ

ਪਹਿਲਾਂ ਮਾਰਦਾ ਰਿਹਾ ਦੱਬਕੇ, ਫਿਰ ਤਰਲਿਆਂ ਉਤੇ ਆ ਗਿਆ,  ਸਟਿੰਗ ਵਿਚ ਕਸੂਤਾ ਫਸਿਆ ਸਰਕਾਰੀ ਬਾਬੂ, ਮੰਗਣ ਲੱਗਾ ਮਾਫ਼ੀਆਂ

ਵੀਓਪੀ ਬਿਊਰੋ, ਜਗਰਾਓਂ : ਰਿਸ਼ਵਤ ਬੀਡੀਪੀਓ ਲੈਂਦੇ ਦਾ ਸਟਿੰਗ ਚੱਲ ਰਿਹਾ ਸੀ, ਜਿਸ ਦੀ ਉਸ ਨੂੰ ਭਿਣਕ ਤਕ ਨਹੀਂ ਸੀ। ਪਹਿਲਾਂ ਤਾਂ ਉਹ ਦੱਬਕੇ ਮਾਰ ਰਿਹਾ ਸੀ ਪਰ ਫਿਰ ਤਰਲਿਆਂ ਉਤੇ ਆ ਗਿਆ ਤੇ ਮਾਫੀਆਂ ਮੰਗਣ ਲੱਗਾ। ਇਹ ਮਾਮਲਾ ਜਗਰਾਓਂ ਦੇ ਸਿੱਧਵਾਂ ਬੇਟ ਦਾ ਹੈ। ਜਿਥੇ ਬੀਡੀਪੀਓ ਨੂੰ ਇੱਕ ਸਰਪੰਚ ਤੋਂ ਰਿਸ਼ਵਤ ਲੈਂਦਿਆਂ ਦੇ ਸਟਿੰਗ ਆਪ੍ਰੇਸ਼ਨ ’ਚ “ਆਪ” ਦੇ ਮੁੱਲਾਂਪੁਰ ਤੋਂ ਹਲਕਾ ਇੰਚਾਰਜ ਡਾ. ਕੇਐਨਐਸ ਕੰਗ ਅਤੇ ਉਨ੍ਹਾਂ ਦੀ ਟੀਮ ਨੇ ਜਾ ਘੇਰਿਆ। ਇਸ ਸਟਿੰਗ ਆਪ੍ਰੇਸ਼ਨ ਦਾ ਖੁਲਾਸਾ ਹੋਇਆ ਤਾਂ ਬੀਡੀਪੀਓ ਲਈ ਰਿਸ਼ਵਤ ਦਫ਼ਤਰ ਵਿਚ ਹੀ ਜ਼ਮੀਨ ’ਤੇ ਸੁੱਟ ਕੇ ਪਹਿਲਾਂ ਤਾਂ ਖੂਬ ਦੱਬਕੇ ਮਾਰਨ ਲੱਗਾ ਪਰ ਜਦੋਂ ਮਾਮਲਾ ਪੁਲਿਸ ਕੋਲ ਪੁੱਜਾ ਤਾਂ ਬੀਡੀਪੀਓ ਮਾਫ਼ੀਆਂ ਮੰਗਦਾ ਨਜ਼ਰ ਆਇਆ। ਇਸ ਮਾਮਲੇ ਵਿਚ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਬੀਡੀਪੀਓ ਨੂੰ ਗ੍ਰਿਫਤਾਰ ਕਰ ਲਿਆ। ਇਹ ਸਾਰਾ ਸੀਨ ਕੈਮਰੇ ਵਿਚ ਕੈਦ ਹੋਇਆ ਅਤੇ ਦੇਰ ਸ਼ਾਮ ਵਾਇਰਲ ਵੀ ਹੋਇਆ।


ਜਾਣਕਾਰੀ ਅਨੁਸਾਰ ਪਿੰਡ ਬਸੈਮੀ ਦੇ ਸਰਪੰਚ ਸੁਖਵਿੰਦਰ ਸਿੰਘ ਕੋਲੋਂ ਪੰਚਾਇਤ ਦੇ 1 ਲੱਖ 60 ਹਜ਼ਾਰ ਰੁਪਏ ਦੀ ਗ੍ਰਾਂਟ ਉਨ੍ਹਾਂ ਦੇ ਖਾਤੇ ਵਿਚ ਟਰਾਂਸਫਰ ਕਰਨ ਬਦਲੇ 20 ਹਜ਼ਾਰ ਰੁਪਏ ਦੀ ਫੋਨ ਕਰ ਕੇ ਰਿਸ਼ਵਤ ਮੰਗ ਰਿਹਾ ਸੀ। ਵਾਰ-ਵਾਰ ਫੋਨ ਕਰਨ ’ਤੇ ਸਰਪੰਚ ਸੁਖਵਿੰਦਰ ਸਿੰਘ ਨੇ ਇਹ ਮੁੱਦਾ ਹਲਕਾ ਮੁੱਲਾਂਪੁਰ ਦਾਖਾ ਦੇ ‘ਆਪ’ ਆਗੂ ਡਾ. ਕੇਐਨਐਸ ਕੰਗ ਕੋਲ ਚੁੱਕਿਆ ਜਿਨ੍ਹਾਂ ਨੇ ਬੀਡੀਪੀਓ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰਨ ਦੀ ਪੂਰੀ ਯੋਜਨਾ ਤਿਆਰ ਕੀਤੀ। ਸਰਪੰਚ ਵੱਲੋਂ ਬੀਡੀਪੀਓ ਨੂੰ ਰਿਸ਼ਵਤ ਦੇਣ ਲਈ 15 ਹਜ਼ਾਰ ਰੁਪਏ ਦੀ ਰਾਸ਼ੀ ਵਾਲੇ 500-500 ਰੁਪਏ ਦੇ ਨੋਟਾਂ ਦੀ ਫੋਟੋ ਸਟੇਟ ਕਰਵਾਈ ਗਈ। ਬੀਡੀਪੀਓ ਨਾਲ ਸੰਪਰਕ ਕੀਤਾ ਤਾਂ ਉਸ ਨੇ ਸਰਪੰਚ ਨੂੰ ਸਿੱਧਵਾਂ ਬੇਟ ਬੀਡੀਪੀਓ ਦਫ਼ਤਰ ਵਿਖੇ ਸੱਦਿਆ, ਕਿਉਂਕਿ ਉਨ੍ਹਾਂ ਕੋਲ ਸਿੱਧਵਾਂ ਬੇਟ ਦੇ ਬੀਡੀਪੀਓ ਦਾ ਵੀ ਚਾਰਜ ਹੈ। ਸਰਪੰਚ ਤੈਅ ਸਮੇਂ ’ਤੇ ਬੀਡੀਪੀਓ ਬਲਜੀਤ ਸਿੰਘ ਬੱਗਾ ਕੋਲ ਜਾ ਪਹੁੰਚੇ। ਉਨ੍ਹਾਂ ਬੀਡੀਪੀਓ ਨੂੰ ਰਿਸ਼ਵਤ ਦੀ ਰਕਮ ਫੜਾ ਦਿੱਤੀ ਅਤੇ ਕੁਝ ਮਿੰਟਾਂ ਬਾਅਦ ਹੀ ਡਾ. ਕੰਗ ਪਹੁੰਚੇ। ਇਸ ’ਤੇ ਜਦੋਂ ਉਹ ਬੀਡੀਪੀਓ ਨਾਲ ਰਿਸ਼ਵਤ ਲੈਣ ਦੇ ਮਾਮਲੇ ਦੀ ਗੱਲ ਕਰਨ ਲੱਗੇ ਤਾਂ ਬੀਡੀਪੀਓ ਉਲਟਾ ਉਨ੍ਹਾਂ ਨੂੰ ਝੂਠ ਦੱਸਦਿਆਂ ਰਿਸ਼ਵਤ ਲੈਣ ਤੋਂ ਸਾਫ ਇਨਕਾਰ ਕਰਨ ਲੱਗਾ। ਇਸ ’ਤੇ ਡਾ. ਕੰਗ ਉਨ੍ਹਾਂ ਨੂੰ ਇਸ ਪੂਰੇ ਮਾਮਲੇ ਦੀ ਵੀਡੀਓ ਬਣੀ ਹੋਣ ਅਤੇ ਉਨ੍ਹਾਂ ਨੂੰ ਦੇਖ ਕੇ ਰੁਪਏ ਜ਼ਮੀਨ ’ਤੇ ਸਿੱਟਣ ਦੀ ਗੱਲ ਕਰਦਿਆਂ ਰੁਪਏ ਚੁੱਕ ਲੈਂਦੇ ਹਨ। ਬੀਡੀਪੀਓ ਅਤੇ ਵੱਢੀ ਦੇਣ ਵਾਲੇ ਸਰਪੰਚ ਦੀ ਹਾਜ਼ਰੀ ਵਿਚ ਜ਼ਮੀਨ ’ਤੇ ਸੁੱਟੀ ਰਕਮ ਅਤੇ ਪਹਿਲਾਂ ਕਰਵਾਈ ਫੋਟੋ ਸਟੈਟ ਦੇ ਨੰਬਰਾਂ ਦਾ ਮਿਲਾਪ ਕੀਤਾ। ਪੁਸ਼ਟੀ ਹੋਣ ’ਤੇ ਸਿੱਧਵਾਂ ਬੇਟ ਥਾਣੇ ਤੋਂ ਪੁਲਿਸ ਨੂੰ ਸੱਦ ਲਿਆ। ਪੁਲਿਸ ਬੀਡੀਪੀਓ ਨੂੰ ਸਿੱਧਵਾਂ ਬੇਟ ਥਾਣੇ ਲੈ ਗਈ। ਥਾਣੇ ਵਿਚ ਬੀਡੀਪੀਓ ਆਪਣੀ ਗਲਤੀ ਦਾ ਅਹਿਸਾਸ ਕਰਦੇ ਹਨ ਅਤੇ ਡਾ. ਕੰਗ ਨੂੰ ਵੀ ਛੱਡਣ ਬਦਲੇ ਕਿਸੇ ਤਰ੍ਹਾਂ ਦੀ ਵੀ ਸੇਵਾ ਦੀ ਪੇਸ਼ਕਸ਼ ਕਰ ਦਿੱਤੀ। ਜਦੋਂ ਗੱਲ ਨਹੀਂ ਬਣੀ ਤਾਂ ਉਹ ਕੁਝ ਦਿਨ ਪਹਿਲਾਂ ਹੀ ਹੋਏ ਧੀ ਦੇ ਸ਼ਗਨ ਦਾ ਵਾਸਤਾ ਦੇਣ ਲੱਗਾ। ਇਸ ਸਬੰਧ ਵਿਚ ਜਗਰਾਓਂ ਦੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸਰਪੰਚ ਦੀ ਸ਼ਿਕਾਇਤ ’ਤੇ ਬੀਡੀਪੀਓ ਬਲਜੀਤ ਸਿੰਘ ਬੱਗਾ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

error: Content is protected !!