ਜੀਜੇ ਨਾਲ ਪੰਗਾ ਲੈ ਕੇ ਫਸੇ ਕੈਬਨਿਟ ਮੰਤਰੀ ਅਮਨ ਅਰੋੜਾ, ਅਦਾਲਤ ਨੇ ਸੁਣਾਈ ਦੋ ਸਾਲ ਦੀ ਸਜ਼ਾ

ਜੀਜੇ ਨਾਲ ਪੰਗਾ ਲੈ ਕੇ ਫਸੇ ਕੈਬਨਿਟ ਮੰਤਰੀ ਅਮਨ ਅਰੋੜਾ, ਅਦਾਲਤ ਨੇ ਸੁਣਾਈ ਦੋ ਸਾਲ ਦੀ ਸਜ਼ਾ

ਸੁਨਾਮ ਊਧਮ ਸਿੰਘ ਵਾਲਾ (ਵੀਓਪੀ ਬਿਊਰੋ)-ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ 9 ਵਿਅਕਤੀਆਂ ਨੂੰ ਸੁਨਾਮ ਦੀ ਮਾਣਯੋਗ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਹੈ। ਦੱਸ ਦੇਈਏ ਕਿ ਅਮਨ ਅਰੋੜਾ ਦੇ ਜੀਜਾ ਰਜਿੰਦਰ ਦੀਪਾ ਵੱਲੋਂ ਸਾਲ 2008 ਵਿੱਚ ਮਾਣਯੋਗ ਅਦਾਲਤ ਸੁਨਾਮ ਵਿੱਚ ਆਈਪੀਸੀ 452,323 ਦੇ ਤਹਿਤ ਇੱਕ ਨਿੱਜੀ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਰਜਿੰਦਰ ਦੀਪਾ ਨੇ ਦੋਸ਼ ਲਾਇਆ ਸੀ ਕਿ ਉਕਤ ਵਿਅਕਤੀਆਂ ਨੇ ਘਰ ਵਿਚ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਹੈ। ਇਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ। ਅੱਜ ਇਸ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ ਸਬ ਡਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ ਗੁਰਪਿੰਦਰ ਸਿੰਘ ਜੌਹਲ ਨੇ ਅਮਨ ਅਰੋੜਾ ਸਮੇਤ 9 ਵਿਅਕਤੀਆਂ ਨੂੰ ਆਈਪੀਸੀ ਦੀ ਧਾਰਾ 452 ਤਹਿਤ ਦੋ-ਦੋ ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਅਤੇ ਆਈਪੀਸੀ ਦੀ ਧਾਰਾ 323 ਤਹਿਤ ਇੱਕ-ਇੱਕ ਸਾਲ ਦੀ ਕੈਦ ਦਾ ਹੁਕਮ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ‘ਚੋਂ ਇਕ ਵਿਅਕਤੀ ਦੀ ਪਹਿਲਾਂ ਹੀ ਮੌਤ ਹੋ ਗਈ ਸੀ। ਮੁਦਈ ਰਜਿੰਦਰ ਦੀਪਾ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਜੀਜਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਵਕੀਲ ਤੇਜਪਾਲ ਭਾਰਦਵਾਜ ਅਤੇ ਸੁਸ਼ੀਲ ਕੁਮਾਰ ਵਸ਼ਿਸ਼ਟ ਨੇ ਦੱਸਿਆ ਕਿ ਰਜਿੰਦਰ ਦੀਪਾ ਜੋ ਕਿ ਹੁਣ ਅਕਾਲੀ ਦਲ ਦੇ ਸੁਨਾਮ ਹਲਕਾ ਇੰਚਾਰਜ ਹਨ, ਨੇ ਸਾਲ 2008 ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਮਨ ਅਰੋੜਾ ਨੇ ਆਪਣੇ ਸਾਥੀਆਂ ਸਮੇਤ ਉਸ ਦੇ ਘਰ ‘ਚ ਜ਼ਬਰਦਸਤੀ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਸੀ ਪਰ ਪੁਲਸ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕਰ ਰਹੀ ਸੀ, ਜਿਸ ਕਾਰਨ ਰਜਿੰਦਰ ਦੀਪਾ ਨੇ ਅਦਾਲਤ ਦਾ ਰੁਖ ਕੀਤਾ।

ਇਸ 15 ਸਾਲ ਲੰਬੇ ਕੇਸ ਦੀ ਸੁਣਵਾਈ ਕਰਦਿਆਂ ਅੱਜ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਗੁਰਪਿੰਦਰ ਸਿੰਘ ਜੌਹਲ ਦੀ ਮਾਣਯੋਗ ਅਦਾਲਤ ਨੇ ਅਮਨ ਅਰੋੜਾ ਅਤੇ ਉਸ ਦੀ ਮਾਤਾ ਪਰਮੇਸ਼ਵਰੀ ਦੇਵੀ ਤੋਂ ਇਲਾਵਾ ਜਗਜੀਵਨ ਲੱਕੀ, ਬਲਜਿੰਦਰ ਸਿੰਘ, ਲਾਭ ਸਿੰਘ, ਚਿਤਵੰਤ ਸਿੰਘ, ਕੁਲਦੀਪ ਸਿੰਘ, ਸਤਿਗੁਰੂ ਸਿੰਘ, ਰਜਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ। 9 ਵਿਅਕਤੀਆਂ ਨੂੰ ਆਈਪੀਸੀ 452 ਵਿੱਚ 2-2 ਸਾਲ ਅਤੇ ਆਈਪੀਸੀ 323 ਵਿੱਚ 1-1 ਸਾਲ ਦੀ ਸਜ਼ਾ ਸੁਣਾਈ ਗਈ ਹੈ। ਰਜਿੰਦਰ ਦੀਪਾ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਪ੍ਰਮਾਤਮਾ ਦੇ ਘਰ ”ਦੇਰ ਹੈ, ਹਨੇਰਾ ਨਹੀਂ”।

error: Content is protected !!