ਨਾਬਾਲਿਗ ਸਾਲੀ ਨਾਲ ਵਿਆਹ ਨਾ ਕਰਵਾਉਣ ‘ਤੇ ਦਿੱਤੀ ਸਜ਼ਾ, ਬਿਨਾਂ ਕੱਪੜੇ ਦੇ ਰਾਤ 5 ਡਿਗਰੀ ਪਾਰੇ ‘ਚ ਖੁੱਲ੍ਹੇ ਅਸਮਾਨ ਹੇਠ ਸੁਆਇਆ, 4 ਦਿਨ ਦੇ ਬੱਚੇ ਦੀ ਮੌ.ਤ, ਪਤਨੀ ਦੀ ਹਾਲਤ ਗੰਭੀਰ

ਨਾਬਾਲਿਗ ਸਾਲੀ ਨਾਲ ਵਿਆਹ ਨਾ ਕਰਵਾਉਣ ‘ਤੇ ਦਿੱਤੀ ਸਜ਼ਾ, ਬਿਨਾਂ ਕੱਪੜੇ ਦੇ ਰਾਤ 5 ਡਿਗਰੀ ਪਾਰੇ ‘ਚ ਖੁੱਲ੍ਹੇ ਅਸਮਾਨ ਹੇਠ ਸੁਆਇਆ, 4 ਦਿਨ ਦੇ ਬੱਚੇ ਦੀ ਮੌ.ਤ, ਪਤਨੀ ਦੀ ਹਾਲਤ ਗੰਭੀਰ


ਵੀਓਪੀ ਬਿਊਰੋ, ਫਿਲੌਰ-ਨਾਬਾਲਗ ਸਾਲੀ ਨਾਲ ਵਿਆਹ ਰਚਾਉਣ ਲਈ ਪਤੀ ਆਪਣੀ ਪਤਨੀ ਨੂੰ ਮਜਬੂਰ ਕਰ ਰਿਹਾ ਸੀ। ਹੈਵਾਨ ਬਣੇ ਪਤੀ ਨੇ ਪਤਨੀ ਤੇ 4 ਦਿਨ ਦੇ ਨਵਜੰਮੇ ਬੱਚੇ ਨੂੰ 5 ਡਿਗਰੀ ਤਾਪਮਾਨ ਵਿਚ ਬਿਨਾਂ ਕਿਸੇ ਕੱਪੜੇ ਦੇ ਪੂਰੀ ਰਾਤ ਖੁੱਲ੍ਹੇ ਆਸਮਾਨ ਦੇ ਹੇਠਾਂ ਸੁਆ ਦਿੱਤਾ। ਕੜਾਕੇ ਦੀ ਠੰਢ ਕਾਰਨ ਮਾਸੂਮ ਬੱਚੇ ਦੀ ਮੌ.ਤ ਹੋ ਗਈ, ਜਦਕਿ ਮਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਵੇਰੇ ਪੀੜਤ ਮਹਿਲਾ ਦੇ ਭਰਾ ਨੇ ਘਰ ਪਹੁੰਚ ਕੇ ਉਸ ਦੀ ਨਾਜ਼ੁਕ ਹਾਲਤ ਦੇਖ 108 ਐਂਬੂਲੈਂਸ ਨੂੰ ਬੁਲਾਇਆ ਪਰ ਜਦ ਐਂਬੂਲੈਂਸ ਨਹੀਂ ਆਈ ਤਾਂ ਉਸ ਨੇ ਜੁਗਾੜੂ ਰੇਹੜੇ ’ਤੇ 16 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਭੈਣ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ।


ਪੀੜਤ ਮਹਿਲਾ ਦੀ ਭੈਣ ਕਮਲੇਸ਼ ਤੇ ਭਰਾ ਅਜੇ ਨੇ ਦੱਸਿਆ ਕਿ ਉਹ ਨੇੜਲੇ ਪਿੰਡ ਸਮਰਾੜੀ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਨ੍ਹਾਂ ਦੀ ਭੈਣ ਸੰਗੀਤਾ ਦਾ ਵਿਆਹ ਜੀਤੂ ਵਾਸੀ ਪਿੰਡ ਚੱਕ ਸਾਬੂ ਨਾਲ ਹੋਇਆ ਸੀ। ਜਦ ਉਸ ਦੀ ਭੈਣ ਗਰਭਵਤੀ ਹੋ ਗਈ ਤਾਂ ਉਸ ਦਾ ਪਤੀ ਜੀਤੂ ਉਸਨੂੰ ਕਹਿਣ ਲੱਗ ਪਿਆ ਕਿ ਉਹ ਉਸ ਦਾ ਵਿਆਹ ਆਪਣੀ ਛੋਟੀ ਨਾਬਾਲਿਗ ਭੈਣ ਨਾਲ ਕਰਵਾ ਦੇਵੇ, ਉਹ ਦੋਵਾਂ ਭੈਣਾਂ ਨੂੰ ਖੁਸ਼ ਰੱਖੇਗਾ।

PunjabKesari
ਇਸ ਬਾਰੇ ਜਦ ਪਤਨੀ ਨਹੀਂ ਮੰਨੀ ਤਾਂ ਉਹ ਆਏ ਦਿਨ ਉਸ ਨਾਲ ਕੁੱਟਮਾਰ ਕਰਨ ਲੱਗਾ। ਉਸ ਨੇ ਕਿਹਾ ਕਿ ਇਸ ਵਿਚ ਜੀਤੂ ਦਾ ਸਾਥ ਉਸ ਦਾ ਰਿਸ਼ਤੇ ਵਿਚ ਲੱਗਦਾ ਭਰਾ ਇੰਦਰਪਾਲ ਅਤੇ ਉਸਦੀ ਪਤਨੀ ਰੀਨਾ ਵੀ ਦੇ ਰਹੇ ਸਨ, ਜੋ ਉਸਨੂੰ ਆਪਣੇ ਪਤੀ ਦੀ ਗੱਲ ਮੰਨਣ ਦੇ ਲਈ ਜ਼ੋਰ ਦਿੰਦੇ ਸਨ। ਬੀਤੇ ਹਫ਼ਤੇ ਉਸ ਦੀ ਭੈਣ ਨੇ ਪੁੱਤਰ ਨੂੰ ਜਨਮ ਦਿੱਤਾ ਤੇ ਮਾਂ-ਪੁੱਤ ਦੋਵੇਂ ਸਿਹਤਮੰਦ ਸਨ। ਬੀਤੀ ਰਾਤ ਨੂੰ ਫਿਰ ਤੋਂ ਮੁਲਜ਼ਮ ਨੇ ਪਤਨੀ ਅੱਗੇ ਸਾਲੀ ਨਾਲ ਵਿਆਹ ਕਰਵਾਉਣ ਦੀ ਸ਼ਰਤ ਰੱਖੀ। ਜਦ ਉਹ ਨਹੀਂ ਮੰਨੀ ਤਾਂ ਉਸ ਦੇ ਪਤੀ ਨੇ 4 ਦਿਨ ਦੇ ਮਾਸੂਮ ਬੱਚੇ ਸਮੇਤ ਆਪਣੀ ਪਤਨੀ ਨੂੰ ਕੜਾਕੇ ਦੀ ਠੰਢ ਵਿਚ ਬਿਨਾਂ ਕੋਈ ਗਰਮ ਕੱਪੜਾ ਦਿੱਤੇ ਖੁੱਲ੍ਹੇ ਆਸਮਾਨ ਦੇ ਹੇਠਾਂ ਰਾਤ ਗੁਜ਼ਾਰਨ ਨੂੰ ਮਜਬੂਰ ਕਰ ਦਿੱਤਾ, ਜਿਸ ਕਾਰਨ ਮਾਂ-ਪੁੱਤ ਦੀ ਹਾਲਤ ਵਿਗੜ ਗਈ। ਪੂਰੀ ਰਾਤ ਮਾਂ ਮਾਸੂਮ ਬੱਚੇ ਨੂੰ ਛਾਤੀ ਨਾਲ ਲਗਾ ਕੇ ਗਰਮਾਹਟ ਦਿੰਦੀ ਰਹੀ, ਜਦ ਖੁਦ ਬੇਹੋਸ਼ ਹੋ ਗਈ ਤਾਂ ਬੱਚਾ ਦਮ ਤੋੜ ਗਿਆ।

ਸਵੇਰੇ ਜਦ ਪੀੜਤਾ ਦਾ ਭਰਾ ਅਜੇ ਭੈਣ ਨੂੰ ਮਿਲਣ ਘਰ ਪੁੱਜਾ ਤਾਂ ਭੈਣ ਦੀ ਹਾਲਤ ਨਾਜ਼ੁਕ ਦੇਖ ਹੈਰਾਨ ਰਹਿ ਗਿਆ ਕਿਉਂਕਿ ਰਾਤ ਨੂੰ ਉਹ ਬਿਲਕੁਲ ਠੀਕ ਸੀ ਤੇ ਭੈਣ ਕਮਲੇਸ਼ ਨਾਲ ਗੱਲਾਂ ਕਰ ਰਹੀ ਸੀ। ਉਸਦੇ ਚੇਹਰੇ ਦਾ ਰੰਗ ਸਰਦੀ ਦੇ ਕਾਰਨ ਨੀਲਾ ਪੈ ਚੁੱਕਾ ਸੀ। ਉਹ ਭੈਣ ਨੂੰ ਜਗਾੜੂ ਰੇਹੜੇ ‘ਤੇ 16 ਕਿਲੋਮੀਟਰ ਸਫਰ ਤੈਅ ਕਰਕੇ ਸਿਵਲ ਹਸਪਤਾਲ ਫਿਲੌਰ ਲੈ ਆਇਆ, ਜਿੱਥੇ ਡਾਕਟਰਾਂ ਨੇ ਉਸਦੀ ਖ਼ਰਾਬ ਹਾਲਤ ਦੇਖ ਕੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ।

ਲਾਸ਼ ਦਫਨਾ ਕੇ ਫਰਾਰ ਹੋਇਆ ਮੁਲਜ਼ਮ

ਸ਼ਿਕਾਇਤਕਰਤਾ ਕਮਲੇਸ਼ ਰਾਣੀ ਨੇ ਦੱਸਿਆ ਕਿ ਜਦ ਉਸਦਾ ਭਰਾ ਭੈਣ ਨੂੰ ਇਲਾਜ ਦੇ ਲਈ ਹਸਪਤਾਲ ਲੈ ਜਾਣ ਦੇ ਲਈ ਜੱਦੋ-ਜਹਿਦ ਕਰ ਰਿਹਾ ਸੀ ਤਾਂ ਹੈਵਾਨ ਪਿਤਾ ਆਪਣੇ ਸਬੂਤ ਮਿਟਾਉਣ ਵਿਚ ਲੱਗਾ ਹੋਇਆ ਸੀ। ਉਹ ਆਪਣੇ ਮਾਸੂਮ ਬੱਚੇ ਨੂੰ ਸ਼ਮਸ਼ਾਨਘਾਟ ਵਿਚ ਦਫ਼ਨਾ ਕੇ ਆਪਣੇ ਰਿਸ਼ਤੇਦਾਰ ਇੰਦਰਪਾਲ ਅਤੇ ਉਸ ਦੀ ਪਤਨੀ ਰੀਨਾ ਦੇ ਨਾਲ ਮਿਲ ਕੇ ਫਰਾਰ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ, ਇਸ ਦੇ ਲਈ ਪ੍ਰਸ਼ਾਸ਼ਨ ਬੱਚੇ ਨੂੰ ਕਬਰ ’ਚੋਂ ਕਢਵਾ ਕੇ ਉਸ ਦਾ ਪੋਸਟਮਾਰਟਮ ਕਰਵਾ ਕੇ ਪੂਰੀ ਸੱਚਾਈ ਸਾਹਮਣੇ ਲਿਆਵੇ।

error: Content is protected !!