ਆਮ ਆਦਮੀ ਪਾਰਟੀ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਫਰਜ਼ੀ ਅਤੇ ਫੇਲ : ਚੁੱਘ


ਚੰਡੀਗੜ੍ਹ(ਵੀਓਪੀ ਬਿਓਰੋ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਫਰਜ਼ੀ ਅਤੇ ਫੇਲ੍ਹ ਮਾਡਲ ਹੈ। ਇਹ ਸਿਰਫ਼ ਸੁਰਖੀਆਂ ਬਟੋਰਨ ਵਾਲਾ ਤੇ ਪ੍ਰਚਾਰ ਦਾ ਮਾਡਲ ਹੈ, ਜਦੋਂ ਕਿ ਜ਼ਮੀਨੀ ਪੱਧਰ ’ਤੇ ਸਥਿਤੀ ਪਹਿਲਾਂ ਨਾਲੋਂ ਵੀ ਬਦਤਰ ਹੈ।

 

ਤਰੁਣ ਚੁੱਘ ਨੇ ਕਿਹਾ ਕਿ ਹਾਲ ਹੀ ਵਿੱਚ ਸੰਗਰੂਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿੱਚ ਖਾਣੇ ਦੇ ਮਾੜੇ ਮਿਆਰ ਕਾਰਨ ਸਕੂਲੀ ਬੱਚਿਆਂ ਦੇ ਬਿਮਾਰ ਹੋਣ ਅਤੇ ਸਕੂਲ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਤੋਂ ਸਾਫ਼ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਿਸ ਸਿੱਖਿਆ ਮਾਡਲ ਦਾ ਦਿੱਲੀ ਅਤੇ ਪੰਜਾਬ ਵਿੱਚ ਪ੍ਰਚਾਰ ਦਾ ਢੋਲ ਵਜਾ ਰਹੀ ਹੈ, ਉਸਦਾ ਕੋਈ ਜਮੀਨੀ ਅਧਾਰ ਨਹੀਂ ਹੈI ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਖੁਦ ਭਗਵੰਤ ਮਾਨ ਸਰਕਾਰ ਦੇ ਸਕੂਲ ਆਫ ਐਮੀਨੈਂਸ ਮਾਡਲ ‘ਤੇ ਸਵਾਲ ਚੁੱਕੇ ਹਨ।

ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ‘ਤੇ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਿਨੋਂ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿਸ ਕਾਰਨ ਆਮ ਲੋਕ, ਵਪਾਰੀ ਅਤੇ ਮੁਲਾਜ਼ਮ ਡਰ ਦੇ ਸਾਏ ਹੇਠ ਜੀਅ ਰਹੇ ਹਨ। ਪੰਜਾਬ ਵਿੱਚ ਕਤਲ, ਫਿਰੌਤੀਆਂ, ਲੁੱਟ-ਖੋਹ ਪੰਜਾਬ ‘ਚ ਇੱਕ ਨਵੀਂ ਸਨਅਤ ਬਣ ਕੇ ਉੱਭਰਿਆ ਹੈ। ਪੰਜਾਬ ਵਿੱਚ ਹਥਿਆਰਾਂ ਦੀ ਤਸਕਰੀ ਅਤੇ ਨਸ਼ਿਆਂ ਦੀ ਤਸਕਰੀ ਵੱਡੇ ਪੱਧਰ ’ਤੇ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਸਰਕਾਰ ਇਸ ਤੋਂ ਅਣਜਾਣ ਬਣੀ ਹੋਈ ਹੈ। ਉਨ੍ਹਾਂ ਨੂੰ ਪੰਜਾਬ ਦੇ 3 ਕਰੋੜ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਸੂਬੇ ਵਿੱਚ ਅਮਨ-ਕਾਨੂੰਨ ਨੂੰ ਸੁਧਾਰਨ ਅਤੇ ਨਸ਼ਿਆਂ ਨੂੰ ਰੋਕਣ ਲਈ ਕੀ ਉਪਰਾਲੇ ਕੀਤੇ ਗਏ ਹਨ।

ਤਰੁਣ ਚੁਘ ਨੇ ‘ਆਪ’ ਅਤੇ ਕਾਂਗਰਸ ਦੇ ਗਠਜੋੜ ਦੀ ਰਾਜਨੀਤੀ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂਰਾ ਕੁਸ਼ਤੀ ਖੇਡ ਰਹੀਆਂ ਹਨ। ਕਾਂਗਰਸ ਨੂੰ ਪੰਜਾਬ ਵਿੱਚ ਵਿਰੋਧੀ ਧਿਰ ਵਿੱਚ ਬੈਠਣ ਦਾ ਕੋਈ ਨੈਤਿਕ ਹੱਕ ਨਹੀਂ ਹੈ। ਪਰਿਵਾਰ ਵਾਦੀ ਅਤੇ ਭ੍ਰਿਸ਼ਟ ਪਾਰਟੀਆਂ ਘਮੰਡੀਆ  ਗਠਜੋੜ ਬਣਾ ਕੇ ਦੇਸ਼ ਵਿੱਚ ਕਮਜ਼ੋਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਪੂਰਾ ਦੇਸ਼ ਇੱਕ ਅਜਿਹੀ ਲੀਡਰਸ਼ਿਪ ਦੇ ਨਾਲ ਖੜ੍ਹਾ ਹੈ ਜੋ ਮਜਬੂਤ ਹੈ ਅਤੇ ਦੇਸ਼ ਹਿੱਤ ਵਿੱਚ ਫੈਸਲੇ ਲੈਂਦੀ ਹੈ, ਗਰੀਬਾਂ ਦੀ ਭਲਾਈ ਨੂੰ ਧਿਆਨ  ਵਿੱਚ ਰੱਖਦੀ ਹੈ ਅਤੇ ਸਬਕਾ ਸਾਥ, ਸਬਕਾ ਵਿਕਾਸ, ਸਾਬਕਾ ਵਿਸ਼ਵਾਸ  ਦੇ ਮੂਲ ਮੰਤਰ ਨਾਲ ਕੰਮ ਕਰਦੀ ਹੈ।

error: Content is protected !!