ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਦੀ ਮਾਨ ਸਰਕਾਰ ਤੋਂ ਮੰਗ


ਚੰਡੀਗੜ੍ਹ(ਵੀਓਪੀ ਬਿਓਰੋ) : ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਮਾਨ ਸਰਕਾਰ ਕੋਲੋਂ ਪੰਜਾਬ ਦੀਆਂ ਸਨਅਤੀ ਅਤੇ ਵਪਾਰਕ ਇਕਾਈਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਇੰਡਸਟਰੀ ਨੂੰ ਦੇਸ਼ ਵਿੱਚ ਸਭ ਤੋਂ ਮਹਿੰਗੀ ਬਿਜਲੀ ਮਿਲ ਰਹੀ ਹੈ। ਜਦੋਂ ਸੂਬੇ ‘ਚ ਕਾਂਗਰਸ ਸਰਕਾਰ ਦਾ ਰਾਜ ਖਤਮ ਹੋਇਆ ਤਾਂ ਉਦਯੋਗਾਂ ਨੂੰ 6 ਰੁਪਏ 5 ਪੈਸੇ ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਸੀ।

ਉਸ ਵਿੱਚ ਵੀ 1 ਰੁਪਏ 5 ਪੈਸੇ ਦੀ ਸਬਸਿਡੀ ਦਿੱਤੀ ਜਾ ਰਹੀ ਸੀ, ਯਾਨੀ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਸੀ, ਜਦੋਂ ਕਿ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ 40 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦਰਾਂ ਵਿੱਚ ਵਾਧਾ ਹੋਣ ਕਾਰਨ ਇਥੇ ਦੀ ਇੰਡਸਟਰੀ ਨੂੰ 6 ਰੁਪਏ 45 ਪੈਸੇ ਪ੍ਰਤੀ ਯੂਨਿਟ ਦੇਣੇ ਪੈ ਰਹੇ ਹਨ। ਇਸ ਤੋਂ ਇਲਾਵਾ ਫਿਕਸਡ ਚਾਰਜਿਜ਼ ‘ਚ ਵੀ 30 ਰੁਪਏ ਪ੍ਰਤੀ ਕਿਲੋਵਾਟ ਦਾ ਵਾਧਾ ਕੀਤਾ ਗਿਆ ਹੈ।
ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਸੂਬੇ ਦੀ ਨਵੀਂ ਸਨਅਤੀ ਨੀਤੀ ਅਨੁਸਾਰ ਉਦਯੋਗਾਂ ਨੂੰ ਹਰ ਸਾਲ ਪੰਜ ਫੀਸਦੀ ਮਹਿੰਗੀ ਬਿਜਲੀ ਮਿਲੇਗੀ। ਜੇਕਰ ਵਪਾਰਕ ਯੂਨਿਟਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਇਸ ਤੋਂ ਵੀ ਮਹਿੰਗੀ ਬਿਜਲੀ 9 ਤੋਂ 10 ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ।

ਇਸ ਸਭ ਦਾ ਬੋਝ ਕਿਸੇ ਨਾ ਕਿਸੇ ਰੂਪ ਵਿਚ ਪੰਜਾਬ ਦੇ ਆਮ ਲੋਕਾਂ ‘ਤੇ ਹੀ ਪੈ ਰਿਹਾ ਹੈ ਕਿਉਂਕਿ ਇਕ ਪਾਸੇ ਤਾਂ ਤੁਸੀਂ 300 ਯੂਨਿਟ ਮੁਫਤ ਬਿਜਲੀ ਦੇ ਰਹੇ ਹੋ, ਜਦਕਿ ਦੂਜੇ ਪਾਸੇ ਉਦਯੋਗਿਕ ਅਤੇ ਵਪਾਰਕ ਯੂਨਿਟਾਂ ਦੇ ਰੇਟ ਜ਼ਿਆਦਾ ਹੋਣ ਕਾਰਨ ਜਨਤਾ ਨੂੰ ਮਹਿੰਗੀਆਂ ਵਸਤਾਂ ਖਰੀਦਣੀਆਂ ਪੈਂਦੀਆਂ ਹਨ। ਇਸ ਲਈ ਤੁਹਾਨੂੰ ਅਪੀਲ ਹੈ ਕਿ ਜੇਕਰ ਤੁਹਾਡੀ ਸਰਕਾਰ ਨੇ ਗੋਇੰਦਵਾਲ ਪਾਵਰ ਪਲਾਂਟ ਖਰੀਦਿਆ ਹੈ ਤਾਂ ਉਦਯੋਗਿਕ ਅਤੇ ਵਪਾਰਕ ਯੂਨਿਟਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਵਾਈ ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਸੂਬੇ ਵਿੱਚ ਉਦਯੋਗਿਕ ਵਿਕਾਸ ਹੋਵੇਗਾ ਅਤੇ ਵਪਾਰਕ ਗਤੀਵਿਧੀਆਂ ਵਿੱਚ ਵੀ ਵਾਧਾ ਹੋਵੇਗਾ। ਇਸ ਤੋਂ ਇਲਾਵਾ ਰੁਜ਼ਗਾਰ ਦੇ ਮੌਕੇ ਵੀ ਵਧਣਗੇ।

error: Content is protected !!