ਪਟਿਆਲਾ : ਪ੍ਰੇਮਿਕਾ ਨੇ ਕਰਵਾ ਲਿਆ ਵਿਆਹ, ਤੈਸ਼ ਵਿਚ ਆਏ ਨੇ ਦੋਸਤ ਉਤੇ ਸੁਟਵਾਇਆ ਤੇਜ਼ਾਬ, 20 ਹਜ਼ਾਰ ਦੀ ਸੁਪਾਰੀ ਦੇ ਕੇ ਕਰਵਾਇਆ ਕਾਂਡ

ਪਟਿਆਲਾ : ਪ੍ਰੇਮਿਕਾ ਨੇ ਕਰਵਾ ਲਿਆ ਵਿਆਹ, ਤੈਸ਼ ਵਿਚ ਆਏ ਨੇ ਦੋਸਤ ਉਤੇ ਸੁਟਵਾਇਆ ਤੇਜ਼ਾਬ, 20 ਹਜ਼ਾਰ ਦੀ ਸੁਪਾਰੀ ਦੇ ਕੇ ਕਰਵਾਇਆ ਕਾਂਡ


ਵੀਓਪੀ ਬਿਊਰੋ, ਪਟਿਆਲਾ-ਪ੍ਰੇਮਿਕਾ ਛੱਡ ਕੇ ਚਲੀ ਗਈ ਤਾਂ ਮੁਲਜ਼ਮ ਨੇ 20 ਹਜ਼ਾਰ ਰੁਪਏ ਦੀ ਸੁਪਾਰੀ ਦੇ ਕੇ ਆਪਣੇ ਹੀ ਦੋਸਤ ਉਤੇ ਤੇਜ਼ਾਬ ਸੁਟਵਾ ਦਿੱਤਾ। ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਪੀੜਤ ਆਪਣੀ ਦੁਕਾਨ ਖੋਲਣ ਜਾ ਰਿਹਾ ਸੀ। ਪੁਲਿਸ ਨੇ ਸੁਪਾਰੀ ਦੇਣ ਵਾਲੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤੇਜ਼ਾਬ ਸੁਟਣ ਵਾਲੇ ਹਾਲੇ ਫਰਾਰ ਹਨ।


ਇਹ ਵਾਰਦਾਤ ਪਟਿਆਲਾ ਜ਼ਿਲ੍ਹਾ ਦੇ ਹਲਕਾ ਸਨੌਰ ਦੇ ਪੁਲਸ ਥਾਣੇ ਨਜ਼ਦੀਕ ਵਾਪਰੀ ਹੈ। ਸਕੂਟਰੀ ਦੇ ਉੱਪਰ ਸਵਾਰ ਹੋ ਕੇ ਆਏ 3 ਨੌਜਵਾਨਾਂ ਨੇ ਦੁਕਾਨ ਖੋਲ੍ਹ ਰਹੇ ਇਕ ਨੌਜਵਾਨ ‘ਤੇ ਤੇਜ਼ਾਬ ਸੁੱਟ ਦਿੱਤਾ। ਪੀੜਤ ਨੌਜਵਾਨ ਦਾ ਨਾਮ ਨਿਖਿਲ ਦੱਸਿਆ ਜਾ ਰਿਹਾ ਹੈ, ਜੋ ਕਿ ਹਲਕਾ ਸਨੌਰ ਦਾ ਹੀ ਰਹਿਣ ਵਾਲਾ ਹੈ। ਇਸ ਘਟਨਾ ਦੀਆਂ ਸੀ. ਸੀ. ਟੀ. ਵੀ. ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਪੀੜਤ ਨੌਜਵਾਨ ਨਿਖਿਲ ਤੇਜ਼ਾਬ ਸਰੀਰ ਉੱਪਰ ਡਿੱਗਣ ਮਗਰੋਂ ਤੜਫਦਾ ਹੋਇਆ ਵਿਖਾਈ ਦੇ ਰਿਹਾ ਹੈ। ਫਿਲਹਾਲ ਪੀੜਤ ਨੌਜਵਾਨ ਨਿਖਿਲ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਨਿਖਿਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਗਰਿੱਡ ਕਾਲੋਨੀ ਸਨੌਰ ਵਾਸੀ ਤੇਜਵੀਰ ਨੇ ਹੀ ਤਿੰਨ ਅਣਪਛਾਤੇ ਲੋਕਾਂ ਨੂੰ ਪੈਸੇ ਦੇ ਕੇ ਇਹ ਕੰਮ ਕਰਵਾਇਆ ਹੈ। ਉਹ ਪ੍ਰੇਮਿਕਾ ਵੱਲੋਂ ਛੱਡ ਕੇ ਜਾਣ ਦਾ ਜ਼ਿੰਮੇਵਾਰ ਨਿਖਿਲ ਨੂੰ ਮੰਨਦਾ ਸੀ ਤੇ ਦਿਲ ਵਿਚ ਰੰਜਿਸ਼ ਰੱਖਦਾ ਸੀ।


ਪੁਲਿਸ ਰਿਪੋਰਟ ਮੁਤਾਬਕ ਤੇਜਵੀਰ ਮਹਿਤਾ ਦੀ ਇਕ ਕੁੜੀ ਨਾਲ ਦੋਸਤੀ ਸੀ। 32 ਸਾਲਾ ਅਣਵਿਆਹੇ ਤੇਜਵੀਰ ਨੇ ਪ੍ਰੇਮਿਕਾ ਦੀ ਜਾਣ-ਪਛਾਣ ਨਿਖਿਲ ਸਿੰਗਲਾ ਨਾਲ ਕਰਵਾਈ। ਨਿਖਿਲ ਵੀ ਉਸ ਕੁੜੀ ਨਾਲ ਗੱਲਾਂ ਮਾਰਨ ਲਗ ਗਿਆ। ਇਸ ਤੋਂ ਚਿੜ ਕੇ ਤੇਜਵੀਰ ਨਿਖਿਲ ਨਾਲ ਝਗੜਾ ਕਰਨ ਲੱਗ ਗਿਆ। ਇਹ ਵੇਖ ਕੁੜੀ ਨੇ ਦੋਵਾਂ ਤੋਂ ਕਿਨਾਰਾ ਕਰ ਵਿਆਹ ਕਰਵਾ ਲਿਆ। ਤੇਜਵੀਰ ਪ੍ਰੇਮਿਕਾ ਦਾ ਦੂਰ ਜਾਣਾ ਬਰਦਾਸ਼ਤ ਨਹੀਂ ਕਰ ਸਕਿਆ ਤੇ ਨਿਖਿਲ ਨਾਲ ਰੰਜਿਸ਼ ਰੱਖਣ ਲੱਗਾ। ਸਨੌਰ ਪੁਲਿਸ ਥਾਣੇ ਦੇ ਐਸਐਚਓ ਗੁਰਵਿੰਦਰ ਸਿੰਘ ਤੇ ਟੀਮ ਨੇ ਤੇਜਵੀਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਤੇਜਵੀਰ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਸ ਨੇ ਆਪਣੇ ਜਾਣ-ਪਛਾਣ ਵਾਲੇ ਨੂੰ ਨਿਖਿਲ ਉਤੇ ਤੇਜ਼ਾਬ ਸੁੱਟਣ ਲਈ 20 ਹਜ਼ਾਰ ਰੁਪਏ ਦੀ ਸੁਪਾਰੀ ਦਿੱਤੀ।

error: Content is protected !!