ਡੌਂਕੀ ਲਾ ਅਮਰੀਕਾ ਲਈ ਨਿਕਲਿਆ ਨੌਜਵਾਨ ਪਨਾਮਾ ਦੇ ਜੰਗਲਾਂ ‘ਚ ਲਾਪਤਾ, ਪਰਿਵਾਰ ਦੇ ਸੁੱਕੇ ਸਾਹ, ਮਹੀਨੇ ਤੋਂ ਨਹੀਂ ਹੋਈ ਪਰਿਵਾਰ ਨਾਲ ਗੱਲ, 45 ਲੱਖ ਲੈਣ ਵਾਲੇ ਏਜੰਟਾਂ ‘ਤੇ ਪਰਚਾ
ਵੀਓਪੀ ਬਿਊਰੋ, ਪਠਾਨਕੋਟ- ਪੰਜਾਬ ਦੇ ਪਠਾਨਕੋਟ ਦਾ ਇਕ ਨੌਜਵਾਨ ਪਨਾਮਾ ਦੇ ਜੰਗਲਾਂ ਵਿੱਚ ਲਾਪਤਾ ਹੋ ਗਿਆ। ਨੌਜਵਾਨ ਅਮਰੀਕਾ ਲਈ ਡੌਂਕੀ ਲਾ ਕੇ ਜਾਣ ਲਈ ਨਿਕਲਿਆ ਸੀ। ਟਰੈਵਲ ਏਜੰਟ ਨੇ 45 ਲੱਖ ਰੁਪਏ ਲੈ ਕੇ ਭੇਜਣ ਦੀ ਗੱਲ ਕਹੀ ਸੀ। ਪੀੜਤ ਨੇ ਐਮਬੀਏ ਕੀਤਾ ਹੋਇਆ ਹੈ। ਪਰਿਵਾਰ ਨੇ ਪਿਛਲੇ ਮਹੀਨੇ ਪੁੱਤ ਨਾਲ ਆਖਰੀ ਵਾਰ ਗੱਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਤੱਕ ਕੋਈ ਜਾਣਕਾਰੀ ਨਹੀਂ ਪਹੁੰਚੀ। ਪਰਿਵਾਰ ਦੀ ਸ਼ਿਕਾਇਤ ਉਤੇ ਪਤੀ-ਪਤਨੀ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਨੌਜਵਾਨ ਪਠਾਨਕੋਟ ਦੇ ਭਾਰਤ ਨਗਰ ਇਲਾਕੇ ਦਾ ਰਹਿਣ ਵਾਲਾ ਸੀ।
ਗੁਰਦਾਸਪੁਰ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਤੀਜਾ ਜਗਮੀਤ ਸਿੰਘ ਬਚਪਨ ਤੋਂ ਹੀ ਉਸ ਦੇ ਨਾਲ ਰਹਿੰਦਾ ਸੀ। ਜਗਮੀਤ ਨੇ ਐਮ.ਬੀ.ਏ. ਕੀਤੀ ਹੋਈ ਸੀ ਅਤੇ ਚੰਗੇ ਭਵਿੱਖ ਲਈ ਵਿਦੇਸ਼ ਜਾਣਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਆਪਣੇ ਇੱਕ ਜਾਣਕਾਰ ਟਰੈਵਲ ਏਜੰਟ ਪਰਮਿੰਦਰ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਨਾਲ ਸੰਪਰਕ ਕੀਤਾ ਅਤੇ ਉਸ ਨੂੰ 45 ਲੱਖ ਰੁਪਏ ਵਿਚ ਅਮਰੀਕਾ ਭੇਜਣ ਦੀ ਗੱਲ ਚੱਲ ਰਹੀ ਸੀ।
ਉਸ ਨੇ ਦੱਸਿਆ ਕਿ ਉਸ ਦਾ ਲੜਕਾ ਨਵੰਬਰ ਵਿਚ ਚਲਾ ਗਿਆ ਸੀ ਅਤੇ ਹੁਣ ਜਨਵਰੀ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਹੁਣ ਤੱਕ ਉਸ ਦੇ ਪੁੱਤਰ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਹੈ, ਉਸ ਦਾ ਪੁੱਤਰ ਪਨਾਮਾ ਦੇ ਜੰਗਲਾਂ ਵਿਚ ਲਾਪਤਾ ਹੋ ਗਿਆ ਹੈ। ਪੁੱਤ ਨਾਲ ਪਰਿਵਾਰਕ ਮੈਂਬਰਾਂ ਦੀ ਆਖਰੀ ਵਾਰ ਪਿਛਲੇ ਮਹੀਨੇ ਗੱਲ ਹੋਈ ਸੀ, ਫਿਰ ਕੋਈ ਗੱਲਬਾਤ ਨਾ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਇਸ ਦੇ ਚੱਲਦਿਆਂ ਪਠਾਨਕੋਟ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜੋਗਿੰਦਰ ਸਿੰਘ ਨੇ ਦੱਸਿਆ ਕਿ 1 ਦਸੰਬਰ ਨੂੰ ਉਹ ਉਸ ਨੂੰ ਆਪਣੇ ਨਾਲ ਦਿੱਲੀ ਲੈ ਗਿਆ ਅਤੇ ਉਸ ਨੇ ਭਤੀਜੇ ਨੂੰ ਸਿੱਧਾ ਅਮਰੀਕਾ ਭੇਜਣ ਲਈ ਕਿਹਾ। ਇਸ ਉਤੇ 45.50 ਲੱਖ ਰੁਪਏ ਖਰਚ ਹੋਣਗੇ। 3 ਦਸੰਬਰ ਨੂੰ ਉਸ ਨੂੰ 15 ਲੱਖ ਰੁਪਏ, ਜ਼ਰੂਰੀ ਦਸਤਾਵੇਜ਼ ਅਤੇ ਪਾਸਪੋਰਟ ਦਿੱਤਾ ਗਿਆ। 14 ਦਸੰਬਰ ਨੂੰ ਉਸ ਦੇ ਭਤੀਜੇ ਨੇ ਫੋਨ ਕਰਕੇ ਦੱਸਿਆ ਕਿ ਏਜੰਟ ਨੇ ਉਸ ਨੂੰ ਕੋਲੰਬੀਆ ਤੋਂ ਪਨਾਮਾ ਰਾਹੀਂ ਅਮਰੀਕਾ ਭੇਜਣਾ ਹੈ। ਇਸ ਉਤੇ ਉਸ ਨੇ ਏਜੰਟ ਨੂੰ ਕਿਹਾ ਕਿ ਉਹ ਉਸ ਦੇ ਲੜਕੇ ਨੂੰ ਜੰਗਲਾਂ ਰਾਹੀਂ ਨਾ ਭੇਜੇ, ਤੁਸੀਂ ਸਾਡੇ ਲੜਕੇ ਨੂੰ ਵਾਪਸ ਭੇਜ ਦਿਓ ।
ਏਜੰਟ ਨੇ ਉਸ ਨੂੰ ਭਰੋਸਾ ਦਿੱਤਾ ਕਿ ਚਾਰ-ਪੰਜ ਦਿਨਾਂ ਵਿਚ ਜਗਮੀਤ ਸਿੰਘ ਅਮਰੀਕਾ ਪਹੁੰਚ ਜਾਵੇਗਾ ਪਰ ਉਸ ਤੋਂ ਬਾਅਦ ਉਸ ਦਾ ਜਗਮੀਤ ਨਾਲ ਕੋਈ ਸੰਪਰਕ ਨਹੀਂ ਹੋਇਆ। ਉਸ ਨੇ ਕੁਝ ਲੜਕਿਆਂ ਨਾਲ ਗੱਲ ਕੀਤੀ ਜੋ ਕੁਝ ਦਿਨ ਪਹਿਲਾਂ ਜਗਮੀਤ ਨਾਲ ਗਏ ਸਨ। ਲੜਕਿਆਂ ਨੇ ਦੱਸਿਆ ਕਿ ਉਨ੍ਹਾਂ ਦਾ 600 ਲੋਕਾਂ ਦਾ ਗਰੁੱਪ ਪਨਾਮਾ ਦੇ ਜੰਗਲਾਂ ਵਿਚ ਗਿਆ ਸੀ। ਹਰ ਕੋਈ ਇਧਰ-ਉਧਰ ਚਲਾ ਗਿਆ ਹੈ। ਜਦੋਂ ਉਨ੍ਹਾਂ ਨੇ ਏਜੰਟ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਪਨਾਮਾ ਦੇ ਜੰਗਲਾਂ ‘ਚ ਲਾਪਤਾ ਹੋ ਗਿਆ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਮੰਗਲਵਾਰ 9 ਜਨਵਰੀ ਨੂੰ ਉਨ੍ਹਾਂ ਨੇ SSP ਪਠਾਨਕੋਟ ਨੂੰ ਸ਼ਿਕਾਇਤ ਕੀਤੀ ਸੀ ਕਿ ਏਜੰਟ ਨੇ ਉਸ ਦੀ ਪਤਨੀ ਨਾਲ ਵਿਦੇਸ਼ ਜਾਣ ਲਈ ਗਾਜ਼ੀਆਬਾਦ ਤੋਂ ਨਵਾਂ ਪਾਸਪੋਰਟ ਜਾਰੀ ਕਰਵਾਇਆ ਸੀ। ਪੁਲਿਸ ਮੁਲਾਜ਼ਮਾਂ ਨੇ ਪਰਮਿੰਦਰ ਸਿੰਘ ਅਤੇ ਬਲਵਿੰਦਰ ਕੌਰ ਵਾਸੀ ਮੁਹੱਲਾ ਸਿੰਘਪੁਰਾ ਕਾਹਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਖ਼ਿਲਾਫ਼ 346, 420, 24 ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।