ਜੇਲ੍ਹ ਵਿਚ ਬੰਦ ਸੁਖਪਾਲ ਖਹਿਰਾ ਦੇ ਹੱਕ ਵਿਚ ਨਿੱਤਰੇ ਸਿੱਧੂ ਮੂਸੇਵਾਲਾ ਦੇ ਪਿਤਾ, ਕਿਹਾ-ਸਿਆਸੀ ਬਦਲਾਖੋਰੀ ਕਾਰਨ ਝੂਠੇ ਕੇਸ ਪਾਏ

ਜੇਲ੍ਹ ਵਿਚ ਬੰਦ ਸੁਖਪਾਲ ਖਹਿਰਾ ਦੇ ਹੱਕ ਵਿਚ ਨਿੱਤਰੇ ਸਿੱਧੂ ਮੂਸੇਵਾਲਾ ਦੇ ਪਿਤਾ, ਕਿਹਾ-ਸਿਆਸੀ ਬਦਲਾਖੋਰੀ ਕਾਰਨ ਝੂਠੇ ਕੇਸ ਪਾਏ


ਵੀਓਪੀ ਬਿਊਰੋ, ਭੁਲੱਥ-ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਜੇਲ੍ਹ ਵਿੱਚ ਬੰਦ ਹਨ, ਜਿਨ੍ਹਾਂ ਦੀ ਹਮਾਇਤ ਵਿਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆ ਗਏ ਹਨ। ਪੰਜਾਬ ਪੁਲਿਸ ਵੱਲੋਂ ਖਹਿਰਾ ਖਿਲਾਫ਼ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਬਲਕੌਰ ਸਿੰਘ ਨੇ ਨਿਖੇਧੀ ਕੀਤੀ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਸ ਨੂੰ ਸਿਰਫ਼ ਬਦਲਾਖ਼ੋਰੀ ਦੀ ਰਾਜਨੀਤੀ ਕਰਾਰਾ ਦਿੱਤਾ ਹੈ।


ਸੋਸ਼ਲ ਮੀਡੀਆ ‘ਤੇ ਪੋਸਟ ਜਾਰੀ ਕਰਦੇ ਹੋਏ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਪਰੇਸ਼ਾਨ ਕਰਨ ਅਤੇ ਝੂਠੇ ਕੇਸ ਪਾ ਕੇ ਜੇਲ੍ਹ ਵਿੱਚ ਰੱਖਣ ਦੀ ਸਖ਼ਤ ਨਿਖੇਧੀ ਕਰਦਾ ਹਾਂ। ਇਹ ਨਿਰੋਲ ਸਿਆਸੀ ਬਦਲਾਖ਼ੋਰੀ ਹੈ। ਲੋਕਾਂ ਦੀ ਗੱਲ ਕਰਦੀਆਂ ਵਿਰੋਧੀ ਧਿਰਾਂ ਦੀ ਆਵਾਜ਼ ਦਬਾਉਣ ਲਈ ਤਾਂ ਸਰਕਾਰ‌ ਕੋਲ ਤੰਤਰ ਹੈ ਪਰ ਜਿਨ੍ਹਾਂ ਨੇ ਮੇਰੇ ਪੁੱਤ ਦੀ ਸੁਰੱਖਿਆ ਜਾਣਕਾਰੀ ਲੀਕ ਕੀਤੀ, ਉਨ੍ਹਾਂ ਤਕ ਪਹੁੰਚਣ ਲਈ ਸਰਕਾਰ ਅਸਫ਼ਲ ਹੈ।” ਸੁਖਪਾਲ ਸਿੰਘ ਖਹਿਰਾ 28 ਸਤੰਬਰ 2023 ਤੋਂ ਜੇਲ੍ਹ ਵਿੱਚ ਬੰਦ ਹਨ। ਪਹਿਲਾਂ ਫਾਜ਼ਿਲਕਾ ਪੁਲਿਸ ਨੇ 28 ਸਤੰਬਰ ਨੂੰ 9 ਸਾਲ ਪੁਰਾਣੇ ਮਾਮਲੇ ‘ਚ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਕੇਸ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲ ਗਈ ਸੀ।ਜ਼ਮਾਨਤ ਮਿਲਣ ਦੇ ਨਾਲ ਹੀ ਸੁਖਪਾਲ ਖਹਿਰਾ ਖਿਲਾਫ਼ ਕਪੂਰਥਲਾ ਪੁਲਿਸ ਨੇ ਨਵਾਂ ਪਰਚਾ ਦਰਜ ਕਰ ਲਿਆ ਤੇ ਖਹਿਰਾ ਨੂੰ ਨਾਭਾ ਜੇਲ੍ਹ ਤੋਂ ਗ੍ਰਿਫ਼ਤਾਰ ਕਰਕੇ ਕਪੂਰਥਲਾ ਲਿਆਂਦਾ ਗਿਆ। ਇੱਥੇ ਖਹਿਰਾ ਖਿਲਾਫ਼ ਸੁਭਾਨਪੁਰ ਥਾਣੇ ‘ਚ ਇੱਕ ਮਹਿਲਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।

error: Content is protected !!