ਅਕਾਲੀ ਦਲ ਦੀ ਤੱਕੜੀ ਉਤੇ ਸਿਆਸਤ, ਹਰਸਿਮਰਤ ਬੋਲੇ, ਬਾਬੇ ਨਾਨਕ ਦਾ ਚਿੰਨ੍ਹ; ਬਿੱਟੂ ਨੇ ਕਿਹਾ, ਗ਼ਲਤ ਬੋਲ ਰਹੀ ਬੀਬਾ, ਬਾਦਲਾਂ ਦੀ ਤੱਕੜੀ ਵਿਚ ਸਿਰਫ਼ ਨਸ਼ਾ ਤੁਲਿਆ

ਅਕਾਲੀ ਦਲ ਦੀ ਤੱਕੜੀ ਉਤੇ ਸਿਆਸਤ, ਹਰਸਿਮਰਤ ਬੋਲੇ, ਬਾਬੇ ਨਾਨਕ ਦਾ ਚਿੰਨ੍ਹ; ਬਿੱਟੂ ਨੇ ਕਿਹਾ, ਗ਼ਲਤ ਬੋਲ ਰਹੀ ਬੀਬਾ, ਬਾਦਲਾਂ ਦੀ ਤੱਕੜੀ ਵਿਚ ਸਿਰਫ਼ ਨਸ਼ਾ ਤੁਲਿਆ

ਵੀਓਪੀ ਬਿਊਰੋ, ਲੁਧਿਆਣਾ-ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਅਕਾਲੀ ਦਲ ਦੀ ਤੱਕੜੀ ਸਬੰਧੀ ਬਿਆਨ ਉਤੇ ਸਿਆਸਤ ਭੱਖ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀ ਮੁਕਤਸਰ ਸਾਹਿਬ ਰੈਲੀ ਵਿੱਚ ਹਰਸਿਮਰਤ ਬਾਦਲ ਨੇ ਅਕਾਲੀ ਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਿਹਾ ਸੀ। ਇਸ ਮਗਰੋਂ ਪੰਜਾਬ ਵਿੱਚ ਅਕਾਲੀ ਦਲ ਦੀ ਤੱਕੜੀ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਹਰਸਿਮਰਤ ਦੇ ਇਸ ਬਿਆਨ ‘ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਕਾਫੀ ਭੜਕੇ। ਬਿੱਟੂ ਨੇ ਕਿਹਾ ਕਿ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਕਹਿ ਰਹੀ ਸੀ ਕਿ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਹੈ, ਇਹ ਬਾਬਾ ਨਾਨਕ ਜੀ ਦਾ ਨਿਸ਼ਾਨ ਹੈ। ਬਿੱਟੂ ਨੇ ਕਿਹਾ ਕਿ ਬਾਬਾ ਨਾਨਕ ਜੀ ਦਾ ਪੈਮਾਨਾ ਹਮੇਸ਼ਾ ਤੇਰਾ ਤੇਰਾ ਤੋਲਦਾ ਹੈ ਪਰ ਬਾਦਲਾਂ ਦਾ ਪੈਮਾਨਾ ਹਮੇਸ਼ਾ ਮੇਰਾ ਮੇਰਾ ਤੋਲਦਾ ਹੈ। ਬਾਦਲਾਂ ਦੀ ਇਸ ਤੱਕੜੀ ਵਿੱਚ ਕੇਵਲ ਚਿੱਟਾ ਹੀ ਤੋਲਿਆ ਗਿਆ ਹੈ। ਅੱਜ ਵੀ ਤੋਲਿਆ ਜਾ ਰਿਹਾ ਹੈ।


ਬਿੱਟੂ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਕੱਲ੍ਹ ਨੂੰ ਕਾਂਗਰਸੀ ਵੀ ਕਹਿ ਸਕਦੇ ਹਨ ਕਿ ਪੰਜੇ ਦਾ ਨਿਸ਼ਾਨ ਬਾਬਾ ਨਾਨਕ ਜੀ ਦਾ ਹੈ, ਉਨ੍ਹਾਂ ਨੇ ਉਸ ਪੰਜੇ ਨਾਲ ਪਹਾੜ ਨੂੰ ਰੋਕਿਆ ਸੀ। ਬਿੱਟੂ ਨੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਵਾਲ ਕੀਤਾ ਕਿ ਹਰਸਿਮਰਤ ਕੌਰ ਖ਼ਿਲਾਫ਼ ਅਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ। ਜੇਕਰ ਕਾਂਗਰਸ ਨੇ ਪੰਜੇ ਬਾਰੇ ਅਜਿਹੀ ਗੱਲ ਕਹੀ ਹੁੰਦੀ ਤਾਂ ਹੁਣ ਤੱਕ ਐਸਜੀਪੀਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਮੁੱਦਾ ਉਠਾਉਣਾ ਸੀ। ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਲਦੀ ਹੀ ਅਕਾਲੀ ਦਲ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
ਬਿੱਟੂ ਨੇ ਕਿਹਾ ਕਿ ਅਕਾਲੀ ਦਲ ਗੁਰੂ ਮਹਾਰਾਜ ਦੇ ਨਿਸ਼ਾਨ ਨੂੰ ਸਿਆਸਤ ਵਿੱਚ ਕਿਵੇਂ ਜੋੜ ਸਕਦਾ ਹੈ। ਬਿੱਟੂ ਨੇ ਕਿਹਾ ਕਿ ਬਾਦਲਾਂ ਦੇ ਘਰ ਹੀ ਜੰਗ ਚੱਲ ਰਹੀ ਹੈ। ਹਰਸਿਮਰਤ ਕੌਰ ਬਾਦਲ ਖੁਦ ਕਹਿ ਰਹੀ ਹੈ ਕਿ ਪ੍ਰਧਾਨ ਜੀ (ਸੁਖਬੀਰ ਬਾਦਲ) ਤੁਸੀਂ ਬਾਕੀ ਸਾਰੇ ਵੱਡੇ ਅਹੁਦਿਆਂ ਦੀ ਗੱਲ ਕਰਦੇ ਹੋ ਪਰ ਮੁੱਖ ਮੰਤਰੀ ਦੇ ਅਹੁਦੇ ਦੀ ਗੱਲ ਕਿਉਂ ਨਹੀਂ ਕਰਦੇ। ਮਤਲਬ ਹਰਸਿਮਰਤ ਕੌਰ ਬਾਦਲ ਨੇ ਸੁਖਬੀਰ ਬਾਦਲ ਨੂੰ ਸਿੱਧਾ ਕਹਿ ਦਿੱਤਾ ਕਿ ਮੁੱਖ ਮੰਤਰੀ ਦੀ ਗੱਦੀ ਤੁਹਾਡੇ ਕੋਲ ਨਹੀਂ ਸਗੋਂ ਸਾਡੇ ਯਾਨੀ ਮਜੀਠੀਆ ਪਰਿਵਾਰ ਕੋਲ ਜਾਵੇਗੀ।

error: Content is protected !!