ਪੰਜਾਬ ਦਾ ਇਕ ਹੋਰ ਅਗਨੀਵੀਰ ਸ਼ਹੀਦ, ਛੇ ਭੈਣਾਂ ਦਾ ਸੀ ਇਕਲੌਤਾ ਭਰਾ

ਪੰਜਾਬ ਦਾ ਇਕ ਹੋਰ ਅਗਨੀਵੀਰ ਸ਼ਹੀਦ, ਛੇ ਭੈਣਾਂ ਦਾ ਸੀ ਇਕਲੌਤਾ ਭਰਾ


ਵੀਓਪੀ ਬਿਊਰੋ, ਲੁਧਿਆਣਾ-ਪੰਜਾਬ ਦੇ ਇਕ ਹੋਰ ਅਗਨੀਵੀਰ ਦੇ ਸ਼ਹੀਦ ਹੋਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਮਲੌਦ ਦੇ ਨਜ਼ਦੀਕ ਪੈਂਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਇਕ ਨੌਜਵਾਨ ਇਕ ਐੱਸ. ਸੀ (ਦੁਆਬੀਆ) ਪਰਿਵਾਰ ਦੇ ਇਕਲੌਤੇ ਪੁੱਤਰ ਫੌਜ ਦੇ ਅਗਨੀਵੀਰ ਅਜੈ ਸਿੰਘ ਪੁੱਤਰ ਚਰਨਜੀਤ ਸਿੰਘ ਕਾਲਾ ਦੀ ਅੱਜ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਬਾਰਡਰ ਉਤੇ ਬਰੂਦੀ ਸੁਰੰਗ ਦੇ ਫਟਣ ਨਾਲ ਮੌ.ਤ ਹੋ ਗਈ।

ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅਗਨੀਵੀਰ ਸਕੀਮ ਦੀ ਪਹਿਲੀ ਭਰਤੀ ਦੌਰਾਨ ਜਨਵਰੀ 2023 ਵਿਚ ਦੇਸ਼ ਦੀ ਸੇਵਾ ਲਈ ਗਿਆ ਅਜੇ ਸਿੰਘ ਹਾਲੀਂ ਛੇ ਮਹੀਨੇ ਪਹਿਲਾਂ ਆਪਣੀ ਪਹਿਲੀ ਛੁੱਟੀ ਕੱਟ ਕੇ ਗਿਆ ਸੀ। ਆਪਣੇ ਪਰਿਵਾਰ ਤੋਂ ਇਲਾਵਾ ਦੋਸਤਾਂ ਮਿੱਤਰਾਂ ਨੂੰ ਹੁਣ ਤਕ ਦੀ ਨੌਕਰੀ ਦੌਰਾਨ ਕੀਤੀਆਂ ਸ਼ਲਾਘਾਯੋਗ ਪ੍ਰਾਪਤੀਆਂ ਬਾਰੇ ਦੱਸਦਾ ਨਹੀਂ ਥਕਦਾ ਸੀ। ਅਜੈ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ 4 ਭੈਣਾਂ ਵਿਆਹੀਆਂ ਹੋਈਆਂ ਹਨ ਅਤੇ 2 ਕੁਆਰੀਆਂ ਹਨ ਅਤੇ ਆਪ ਵੀ ਅਜੇ ਕੁਆਰਾ ਸੀ। ਭਾਵੇਂ ਪ੍ਰਸ਼ਾਸਨ ਵੱਲੋਂ ਇਸ ਸਬੰਧ ਵਿਚ ਰਸਮੀ ਜਾਣਕਾਰੀ ਹਾਲੀਂ ਦਿੱਤੀ ਜਾਣੀ ਹੈ ਪਰ ਸੂਤਰ ਦੱਸਦੇ ਹਨ ਕਿ ਅਜੈ ਸਿੰਘ ਆਪਣੇ ਦੋ ਸਾਥੀਆਂ ਸੂਬੇਦਾਰ ਧਰਮਿੰਦਰ ਸਿੰਘ ਅਤੇ ਸਿਪਾਹੀ ਬਲਵੰਤ ਸਿੰਘ ਸਮੇਤ ਰਜੌਰੀ ਜਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿਖੇ ਰੁਟੀਨ ਗਸ਼ਤ ਉਤੇ ਜਾ ਰਿਹਾ ਸੀ ਕਿ ਜ਼ਮੀਨ ਹੇਠ ਲਗਾਈ ਗਈ ਇਕ ਬਰੂਦੀ ਸੁਰੰਗ ਫਟਣ ਨਾਲ ਤਿੰਨੋਂ ਜਣੇ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਊਧਮਪੁਰ ਦੇ ਬੇਸ ਕੈਂਪ ਹਸਪਤਾਲ ਵਿਖੇ ਲਿਆਉਣ ਤੋਂ ਬਾਅਦ ਅਜੈ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ।
ਸ਼ਹੀਦ ਅਜੈ ਸਿੰਘ ਦੇ ਪਿਤਾ ਚਰਨਜੀਤ ਸਿੰਘ ਕਾਲਾ ਅਤੇ ਪਰਿਵਾਰ ਨੂੰ ਦੇਰ ਸ਼ਾਮ ਜਾਣਕਾਰੀ ਮਿਲਣ ਤੋਂ ਬਾਦ ਪਰਿਵਾਰ ਸਦਮੇ ਵਿਚ ਹੈ। ਸੈਨਿਕ ਭਲਾਈ ਬੋਰਡ ਰਾਹੀਂ ਸ਼ੁੱਕਰਵਾਰ ਨੂੰ ਸ਼ਹੀਦ ਦੀ ਮ੍ਰਿਤਕ ਦੇਹ ਆਉਣ ਤੋਂ ਬਾਅਦ ਸਰਕਾਰੀ ਰਸਮਾਂ ਅਨੁਸਾਰ ਸਸਕਾਰ ਪਿੰਡ ਵਿਖੇ ਕੀਤਾ ਜਾਵੇਗਾ।

error: Content is protected !!