ਬੈਂਕ ਨਾਲ ਕਰੋੜਾਂ ਦੀ ਧੋਖਾਧੜੀ! ਐਸਈਐਲ ਟੈਕਸਟਾਈਲ ਕੰਪਨੀ ਦੇ ਨਿਰਦੇਸ਼ਕ ਗ੍ਰਿਫ਼ਤਾਰ

ਬੈਂਕ ਨਾਲ ਕਰੋੜਾਂ ਦੀ ਧੋਖਾਧੜੀ! ਐਸਈਐਲ ਟੈਕਸਟਾਈਲ ਕੰਪਨੀ ਦੇ ਨਿਰਦੇਸ਼ਕ ਗ੍ਰਿਫ਼ਤਾਰ

ਵੀਓਪੀ ਬਿਊਰੋ, ਲੁਧਿਆਣਾ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 1,531 ਕਰੋੜ ਦੀ ਬੈਂਕ ਧੋਖਾਧੜੀ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਟੈਕਸਟਾਈਲ ਪ੍ਰਮੁੱਖ ਮੈਸਰਜ਼ ਐੱਸਈਐੱਲ ਟੈਕਸਟਾਈਲ ਲਿਮਟਿਡ ਕੰਪਨੀ ਦੇ ਨਿਰਦੇਸ਼ਕ ਨੀਰਜ ਸਲੂਜਾ ਨੂੰ ਗ੍ਰਿਫ਼.ਤਾਰ ਕੀਤਾ ਹੈ। ਕੇਂਦਰੀ ਏਜੰਸੀ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਸਲੂਜਾ ਨੂੰ ਵੀਰਵਾਰ ਸ਼ਾਮ ਨੂੰ ਈਡੀ ਦੇ ਜਲੰਧਰ ਦਫ਼ਤਰ ਤੋਂ ਗ੍ਰਿਫ਼.ਤਾਰ ਕੀਤਾ ਗਿਆ, ਜਿੱਥੇ ਉਹ ਬੈਂਕ ਧੋਖਾਧੜੀ ਦੇ ਮਾਮਲੇ ਵਿਚ ਸੰਮਨ ਕੀਤੇ ਜਾਣ ਤੋਂ ਬਾਅਦ ਬਿਆਨ ਦੇਣ ਗਿਆ ਸੀ। ਪਤਾ ਲੱਗਾ ਹੈ ਕਿ ਉਸ ਦੀ ਗ੍ਰਿਫ਼.ਤਾਰੀ ਤੋਂ ਬਾਅਦ ਈਡੀ ਦੇ ਅਧਿਕਾਰੀ ਉਸ ਨੂੰ ਮੈਡੀਕਲ ਚੈਕਅਪ ਲਈ ਸਰਕਾਰੀ ਹਸਪਤਾਲ ਲੈ ਗਏ ਹਨ।


ਜ਼ਿਕਰਯੋਗ ਹੈ ਕਿ 12 ਜਨਵਰੀ ਨੂੰ ਈਡੀ ਨੇ 15 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ ਜਿਸ ਦੌਰਾਨ 60 ਲੱਖ ਰੁਪਏ ਦੀ ਨਕਦੀ ਅਤੇ ਵੱਖ-ਵੱਖ ਅਪਰਾਧਿਕ ਸਬੂਤ ਜ਼ਬਤ ਕੀਤੇ ਸਨ। ਇਸ ਤੋਂ ਪਹਿਲਾਂ, ਮਾਮਲੇ ਦੀ ਜਾਂਚ ਦੌਰਾਨ ਈਡੀ ਵੱਲੋਂ 829 ਕਰੋੜ ਰੁਪਏ ਦੀ ਜਾਇਦਾਦ ਦੀ ਅਸਥਾਈ ਕੁਰਕੀ ਕੀਤੀ ਗਈ ਸੀ। ਈਡੀ ਨੇ 12 ਜਨਵਰੀ ਨੂੰ ਕੰਪਨੀ ਦੇ ਰਿਹਾਇਸ਼ੀ, ਵਪਾਰਕ ਤੇ ਉਦਯੋਗਿਕ ਜਾਇਦਾਦਾਂ (ਮੁੱਖ ਤੌਰ ’ਤੇ ਲੁਧਿਆਣਾ ਵਿਚ) ਅਤੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਛਾਪੇਮਾਰੀ ਕੀਤੀ ਸੀ। ਇਹ ਕਾਰਵਾਈ ਸੀਬੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਕੰਪਨੀ ਵਿਰੁੱਧ ਬੈਂਕ ਧੋਖਾਧੜੀ ਦੇ ਕੇਸ ਸਬੰਧੀ ਐੱਸਈਐੱਲ ਟੈਕਸਟਾਈਲ ਲਿਮਟਿਡ ਵਿਰੁੱਧ 2020 ’ਚ ਦਾਇਰ ਕੀਤੀ ਗਈ ਈਡੀ ਦੀ ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ (ਈਸੀਆਈਆਰ) ਦਾ ਫਾਲੋਅਪ ਦੱਸਿਆ ਜਾ ਰਿਹਾ ਹੈ।
ਫਰਵਰੀ 2023 ਵਿਚ ਈਡੀ ਨੇ 828 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ, ਜਿਸ ਵਿਚ ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਅਲਵਰ ਅਤੇ ਹਿਸਾਰ ਵਿਖੇ ਜ਼ਮੀਨ ਤੇ ਇਮਾਰਤ, ਪਲਾਂਟ ਤੇ ਮਸ਼ੀਨਰੀ ਸ਼ਾਮਲ ਹੈ। ਈਡੀ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਐੱਸਈਐੱਲ ਟੈਕਸਟਾਈਲ ਲਿਮਟਿਡ ਨੇ ਸੈਂਟਰਲ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਕੰਸੋਰਟੀਅਮ ਤੋਂ ਲਏ ਗਏ ਕਰਜ਼ੇ ਦੀ ਰਕਮ ਨੂੰ ਮੋੜ ਦਿੱਤਾ ਸੀ। 14 ਅਗਸਤ 2020 ਵਿਚ ਸੀਬੀਆਈ ਨੇ ਕੰਪਨੀ ਦੇ ਨਿਰਦੇਸ਼ਕਾਂ ਦੇ ਘਰਾਂ ਤੇ ਦਫ਼ਤਰਾਂ ’ਚ ਛਾਪੇਮਾਰੀ ਕੀਤੀ ਸੀ ਜਿਸ ਦੌਰਾਨ ਸੀਬੀਆਈ ਨੂੰ ਕਈ ਸ਼ੱਕੀ ਦਸਤਾਵੇਜ਼ ਮਿਲੇ ਸਨ। ਸੀਬੀਆਈ ਨੇ ਕੰਪਨੀ ਦੇ ਮੁਲਜ਼ਮਾਂ ਦੇ ਲੁੱਕ ਆਊਟ ਨੋਟਿਸ ਜਾਰੀ ਕੀਤੇ ਸਨ। ਕੰਪਨੀ ਦੇ ਨਿਰਦੇਸ਼ਕ ਨੀਰਜ ਸਲੂਜਾ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਹੋਏ ਸਨ। ਈਡੀ ਵੱਲੋਂ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਵਿਭਾਗ ਨੂੰ ਕੰਪਨੀ ਤੇ ਕੰਪਨੀ ਨਾਲ ਜੁੜੇ ਵਿਅਕਤੀਆਂ ਤੋਂ ਹੋਰ ਕਈ ਅਹਿਮ ਸੁਰਾਗ ਹੱਥ ਲੱਗਣ ਦੀ ਉਮੀਦ ਹੈ, ਜਿਸ ਦੇ ਚੱਲਦਿਆਂ ਹੀ ਈਡੀ ਵੱਲੋਂ ਵੀਰਵਾਰ ਨੂੰ ਛਾਪੇਮਾਰੀ ਕੀਤੀ ਗਈ ਸੀ।

error: Content is protected !!