ਰਾਗਵ ਚੱਢਾ ਜਾਅਲੀ ਸਰਟੀਫਿਕੇਟ ਮਾਮਲੇ ‘ਚ ਪੁਲਿਸ ਨੇ ਕੀਤਾ ਗ੍ਰਿਫਤਾਰ, ਨਿੱਜੀ ਸਕੂਲ ਦਾ ਪ੍ਰਿੰਸੀਪਲ ਵੀ ਆਇਆ ਕਾਬੂ

ਰਾਗਵ ਚੱਢਾ ਜਾਅਲੀ ਸਰਟੀਫਿਕੇਟ ਮਾਮਲੇ ‘ਚ ਪੁਲਿਸ ਨੇ ਕੀਤਾ ਗ੍ਰਿਫਤਾਰ, ਨਿੱਜੀ ਸਕੂਲ ਦਾ ਪ੍ਰਿੰਸੀਪਲ ਵੀ ਆਇਆ ਕਾਬੂ

ਵੀਓਪੀ ਬਿਊਰੋ, ਜਲੰਧਰ : ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜਾਅਲੀ ਸੀਬੀਐਸਈ ਅਤੇ ਓਪਨ ਸਕੂਲ ਸਰਟੀਫਿਕੇਟ ਬਣਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗਿਰੋਹ ਚੱਲ ਰਿਹਾ ਹੈ ਜੋ ਕਿ ਜਾਅਲੀ ਸੀਬੀਐਸਈ ਅਤੇ ਓਪਨ ਸਕੂਲ ਸਰਟੀਫਿਕੇਟ ਬਣਾਉਣ ਵਿੱਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋ ਵਿਅਕਤੀਆਂ ਦੀ ਪਹਿਚਾਣ ਅਨੁਰਾਗ ਡਾਬਰ ਪੁੱਤਰ ਰਾਮ ਪ੍ਰਕਾਸ਼ ਵਾਸੀ ਬੀ-46 ਨਿਊ ਵਿਨੈ ਨਗਰ ਲੰਬੀ ਪਿੰਡ ਜਲੰਧਰ ਅਤੇ ਰਾਘਵ ਚੱਢਾ ਪੁੱਤਰ ਨਰੇਸ਼ ਚੰਦਰ ਵਾਸੀ ਐੱਨ.ਡੀ.-193/ਓ. 11 ਮੁਹੱਲਾ ਫਤਿਹਪੁਰੀ ਟਾਂਡਾ ਰੋਡ ਜਲੰਧਰ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਖਿਲਾਫ਼ ਥਾਣਾ ਡਿਵੀਜ਼ਨ 8 ਜਲੰਧਰ ਵਿਖੇ 10 ਮਿਤੀ 18-01-2024 ਨੂੰ 465,467,468,471,420 ਆਈ.ਪੀ.ਸੀ., 66ਡੀ ਆਈ.ਟੀ. ਐਕਟ ਅਧੀਨ ਐਫਆਈਆਰ ਦਰਜ ਕੀਤੀ ਗਈ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਗਰੋਹ ਬਹੁਤ ਹੀ ਸ਼ਾਤਿਰ ਢੰਗ ਨਾਲ ਕੰਮ ਕਰਦਾ ਸੀ ਅਤੇ ਵੱਡੇ ਪੱਧਰ ‘ਤੇ ਜਾਅਲੀ ਸਰਟੀਫਿਕੇਟ ਬਣਾਉਣ ਵਿਚ ਸ਼ਾਮਲ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ ਕੰਪਿਊਟਰ ਸੈੱਟ ਸਮੇਤ ਇੱਕ ਪ੍ਰਿੰਟਰ ਅਤੇ 600 ਦੇ ਕਰੀਬ ਜਾਅਲੀ ਸਰਟੀਫਿਕੇਟ ਬਰਾਮਦ ਕੀਤੇ ਹਨ। ਇਸ ਗਿਰੋਹ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਨੁਰਾਗ ਡਾਬਰ ਜੋ ਕਿ ਇੱਕ ਪ੍ਰਾਈਵੇਟ ਸਕੂਲ ਦਾ ਪ੍ਰਿੰਸੀਪਲ ਹੈ, ਵਿਦਿਆਰਥੀਆਂ ਤੋਂ ਡਾਟਾ ਇਕੱਠਾ ਕਰਕੇ ਦੂਜੇ ਮੁਲਜ਼ਮ ਰਾਘਵ ਨੂੰ ਭੇਜਦਾ ਸੀ।

ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਰਾਘਵ ਕੰਪਿਊਟਰ ਦੀ ਵਰਤੋਂ ਕਰਕੇ ਡਾਟਾ ਤੋਂ ਜਾਅਲੀ ਸਰਟੀਫਿਕੇਟ ਤਿਆਰ ਕਰਦਾ ਸੀ ਅਤੇ ਇਸ ਨੂੰ ਮਹਿੰਗੇ ਭਾਅ ਵੇਚਦਾ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਗਿਰੋਹ ਇਨ੍ਹਾਂ ਸਰਟੀਫਿਕੇਟਾਂ ਨੂੰ 20,000 ਰੁਪਏ ਤੋਂ ਲੈ ਕੇ 25,000 ਰੁਪਏ ਤੱਕ ਦੀ ਕੀਮਤ ਵਿੱਚ ਵੇਚਦਾ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਇਸ ਸਬੰਧੀ ਹੋਰ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

error: Content is protected !!