ਸ਼ੁੱਭਕਰਨ ਦੇ ਭੋਗ ਮੌਕੇ ਇਕੱਠੇ ਹੋਏ ਚੜ੍ਹਾਵੇ ਨੂੰ ਲੈ ਕੇ ਪੈ ਗਿਆ ਰੌਲਾ, ਅਨਾਊਂਸਮੈਂਟ ਦੀ ਆਡੀਓ ਵਾਇਰਲ, ਦੋ ਧਿਰਾਂ ਵਿਚ ਵਿਵਾਦ, ਕਿਸਾਨੀ ਸੰਘਰਸ਼ ਦੌਰਾਨ ਪੁਲਿਸ ਦੀ ਗੋ.ਲ਼ੀ ਨਾਲ ਮਾਰਿਆ ਗਿਆ ਸੀ ਸ਼ੁੱਭਕਰਨ

ਸ਼ੁੱਭਕਰਨ ਦੇ ਭੋਗ ਮੌਕੇ ਇਕੱਠੇ ਹੋਏ ਚੜ੍ਹਾਵੇ ਨੂੰ ਲੈ ਕੇ ਪੈ ਗਿਆ ਰੌਲਾ, ਅਨਾਊਂਸਮੈਂਟ ਦੀ ਆਡੀਓ ਵਾਇਰਲ, ਦੋ ਧਿਰਾਂ ਵਿਚ ਵਿਵਾਦ, ਕਿਸਾਨੀ ਸੰਘਰਸ਼ ਦੌਰਾਨ ਪੁਲਿਸ ਦੀ ਗੋ.ਲ਼ੀ ਨਾਲ ਮਾਰਿਆ ਗਿਆ ਸੀ ਸ਼ੁੱਭਕਰਨ

ਵੀਓਪੀ ਬਿਊਰੋ, ਬਠਿੰਡਾ : ਕਿਸਾਨੀ ਸੰਘਰਸ਼ ਦੌਰਾਨ ਖਨੌਰੀ ਬਾਰਡਰ ’ਤੇ ਹਰਿਆਣਾ ਪੁਲਿਸ ਦੀ ਗੋਲ਼ੀ ਨਾਲ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਭੋਗ ਸਮਾਗਮ ਮੌਕੇ ਇਕੱਠੇ ਹੋਏ ਪੈਸਿਆਂ ਨੂੰ ਲੈ ਕੇ ਦੋ ਧਿਰਾਂ ਵਿਚ ਵਿਵਾਦ ਪੈਦਾ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਪਿੰਡ ਬੱਲ੍ਹੋ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਬਕਾਇਦਾ ਇਕ ਅਨਾਊਂਸਮੈਂਟ ਵੀ ਕੀਤੀ ਗਈ ਹੈ ਜਿਸ ਵਿਚ ਉਹ ਪਿੰਡ ਦੇ ਹੀ ਦੋ ਕਿਸਾਨ ਆਗੂਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਤੋਂ ਇਕ ਲੱਖ ਰੁਪਏ ਮੰਗਣ ਦੀ ਗੱਲ ਕਰ ਰਿਹਾ ਹੈ। ਇਸ ਦੀ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀ ਹੈ। ਗੁਰਦੁਆਰਾ ਸ੍ਰੀ ਅਕਾਲਸਰ ਸਾਹਿਬ ਬੱਲ੍ਹੋ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਵੱਲੋਂ ਪੈਸੇ ਮੰਗਣ ਵਾਲੇ ਕਿਸਾਨ ਆਗੂਆਂ ਦੀ ਸ਼ਿਕਾਇਤ ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕੋਲ ਕੀਤੀ ਗਈ ਹੈ। ਗੁਰਦੁਆਰਾ ਕਮੇਟੀ ਅਨੁਸਾਰ ਦੋ ਭੈਣਾਂ ਦੇ ਇਕਲੌਤੇ ਭਰਾ ਸ਼ੁਭਕਰਨ ਸਿੰਘ ਦਾ ਭੋਗ ਸਮਾਗਮ ਪਿੰਡ ਦੀ ਦਾਣਾ ਮੰਡੀ ਵਿਚ ਰੱਖਿਆ ਗਿਆ ਸੀ।

ਇਸ ਦੌਰਾਨ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਮੌਕੇ ਮਾਇਆ ਦੇ ਰੂਪ ਵਿਚ ਮੱਥਾ ਟੇਕਿਆ ਗਿਆ ਸੀ। ਜਦੋਂ ਗੁਰਦੁਆਰਾ ਕਮੇਟੀ ਨੇ ਮਾਇਆ ਦੇ ਰੂਪ ਵਿਚ ਟੇਕੇ ਗਏ ਪੈਸਿਆਂ ਦੀ ਗਿਣਤੀ ਕੀਤੀ ਤਾਂ ਉਹ ਕਰੀਬ 90,000 ਬਣਦੀ ਸੀ। ਉਨ੍ਹਾਂ ਦੱਸਿਆ ਕਿ ਬੀਕੇਯੂ ਸਿੱਧੂਪੁਰ ਨਾਲ ਸਬੰਧਤ ਪਿੰਡ ਦੇ ਹੀ ਦੋ ਕਿਸਾਨ ਆਗੂਆਂ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਤੋਂ ਚੜ੍ਹਾਵੇ ਦੇ ਪੈਸਿਆਂ ’ਚੋਂ ਇਕ ਲੱਖ ਰੁਪਏ ਦੀ ਮੰਗ ਕੀਤੀ, ਹਾਲਾਂਕਿ ਇਹ ਸਿਰਫ਼ 90 ਹਜ਼ਾਰ ਰੁਪਏ ਇਕੱਤਰ ਹੋਏ ਸਨ। ਗੁਰਦੁਆਰਾ ਕਮੇਟੀ ਨੇ ਦੋਵਾਂ ਕਿਸਾਨ ਆਗੂਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਟੇਕੇ ਗਏ ਮੱਥੇ ਦੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਗ੍ਰੰਥੀ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕੀਤੀ ਗਈ ਕਿ ਦੋ ਕਿਸਾਨ ਆਗੂ ਨੌਜਵਾਨ ਸ਼ੁਭਕਰਨ ਸਿੰਘ ਦੇ ਭੋਗ ਸਮਾਗਮ ਮੌਕੇ ਇਕੱਠੀ ਹੋਈ ਰਕਮ ਦੀ ਮੰਗ ਕਰ ਰਹੇ ਹਨ, ਜਿਸ ਕਾਰਨ ਸਮੂਹ ਪਿੰਡ ਵਾਸੀਆਂ ਤੇ ਗੁਰਦੁਆਰਾ ਕਮੇਟੀ ਵੱਲੋਂ ਇਕ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਵਿਚ ਪਿੰਡ ਵਾਸੀਆਂ ਨੇ ਸਾਂਝੇ ਤੌਰ ’ਤੇ ਮਤਾ ਪਾਸ ਕੀਤਾ ਕਿ ਕਿਸਾਨ ਆਗੂਆਂ ਨੂੰ ਉਕਤ ਰਕਮ ’ਚੋਂ ਕੋਈ ਪੈਸਾ ਨਹੀਂ ਦਿੱਤਾ ਜਾਵੇਗਾ।


ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੂੰ ਦਿੱਤੀ ਗਈ। ਉਨ੍ਹਾਂ ਪਿੰਡ ਬੱਲ੍ਹੋ ਵਿਚ ਪਹੁੰਚ ਕੇ ਗੁਰਦੁਆਰਾ ਕਮੇਟੀ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਪੈਸੇ ਮੰਗਣ ਵਾਲੇ ਕਿਸਾਨ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਗੁਰਦੁਆਰਾ ਕਮੇਟੀ ਨੇ ਮੰਗ ਕੀਤੀ ਸੀ ਕਿ ਦੋਵਾਂ ਕਿਸਾਨ ਆਗੂਆਂ ਨੂੰ ਜਥੇਬੰਦੀ ’ਚੋਂ ਬਰਖ਼ਾਸਤ ਕੀਤਾ ਜਾਵੇ। ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਵੀ ਪਿੰਡ ਬੱਲ੍ਹੋ ਆਏ ਸਨ ਜਿਨ੍ਹਾਂ ਨੇ ਪੈਸੇ ਮੰਗਣ ਵਾਲੇ ਪਿੰਡ ਦੇ ਦੋਵਾਂ ਕਿਸਾਨਾਂ ਖਿਲਾਫ਼ ਦੋ ਦਿਨਾਂ ਵਿਚ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਹੈ ਕਿ ਯੂਨੀਅਨ ਨੂੰ ਡੇਰੇ ਫੰਡ ਦਿੰਦੇ ਰਹਿੰਦੇ ਹਨ। ਪਿੰਡ ਬੱਲ੍ਹੋ ਇਕਾਈ ਦੇ ਉਕਤ ਮੈਂਬਰ ਪਹਿਲਾਂ ਇਕ ਡੇਰੇ ਵਿਚ ਫੰਡ ਲਈ ਗਏ ਸਨ ਅਤੇ ਇਸ ਤੋਂ ਬਾਅਦ ਕਿਸਾਨੀ ਸੰਘਰਸ਼ ਲਈ ਫੰਡ ਖ਼ਾਤਰ ਗੁਰਦੁਆਰਾ ਕਮੇਟੀ ਕੋਲ ਗਏ ਸਨ ਪਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਇਸ ਨੂੰ ਸ਼ਭਕਰਨ ਸਿੰਘ ਦੇ ਭੋਗ ਸਮਾਗਮ ’ਤੇ ਇਕੱਠੇ ਹੋਏ ਪੈਸਿਆਂ ਨਾਲ ਜੋੜ ਦਿੱਤਾ। ਉਨ੍ਹਾਂ ਦੱਸਿਆ ਕਿ ਫਿਰ ਵੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜਿਹੜੀ ਕਿ ਮਾਮਲੇ ਦੀ ਜਾਂਚ ਕਰੇਗੀ। ਜੇਕਰ ਬੀਕੇਯੂ ਦੇ ਵਰਕਰ ਗ਼ਲਤ ਪਾਏ ਗਏ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

error: Content is protected !!