ਥਾਣੇ ‘ਚ ਖੁਦ ਉਤੇ ਪੈਟਰੋਲ ਛਿੜਕ ਕੇ ਲਾ ਲਈ ਅੱਗ, ਪੁਲਿਸ ਨੇ ਘਰਵਾਲੀ ਖਿ਼ਲਾਫ਼ ਪਰਚਾ ਕੀਤਾ ਦਰਜ, ਪਰਿਵਾਰ ਦਾ ਦੋਸ਼, ਪੁਲਿਸ ਵਾਲੇ ਨੇ ਮਾਰਿਆ ਸੀ ਥੱਪੜ

ਥਾਣੇ ‘ਚ ਖੁਦ ਉਤੇ ਪੈਟਰੋਲ ਛਿੜਕ ਕੇ ਲਾ ਲਈ ਅੱਗ, ਪੁਲਿਸ ਨੇ ਘਰਵਾਲੀ ਖਿ਼ਲਾਫ਼ ਪਰਚਾ ਕੀਤਾ ਦਰਜ, ਪਰਿਵਾਰ ਦਾ ਦੋਸ਼, ਪੁਲਿਸ ਵਾਲੇ ਨੇ ਮਾਰਿਆ ਸੀ ਥੱਪੜ

ਵੀਓਪੀ ਬਿਊਰੋ, ਜਗਰਾਓਂ : ਜਗਰਾਓਂ ਥਾਣਾ ਸਦਰ ਵਿਖੇ ਥਾਣੇਦਾਰ ਵੱਲੋਂ ਬੇਇੱਜ਼ਤ ਕਰਨ ’ਤੇ ਥਾਣੇ ਵਿਚ ਹੀ ਖ਼ੁਦ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਪੁਲਿਸ ਨੇ ਯੂ-ਟਰਨ ਲੈਂਦਿਆਂ ਅੱਗ ਲਾਉਣ ਵਾਲੇ ਦੀ ਪਤਨੀ ’ਤੇ ਹੀ ਪਰਚਾ ਕਰ ਦਿੱਤਾ।
ਵਰਣਨਯੋਗ ਹੈ ਕਿ ਜਗਰਾਓਂ ਦੇ ਪਿੰਡ ਪੱਬੀਆਂ ਵਾਸੀ ਦਲਜੀਤ ਸਿੰਘ ਨੂੰ ਉਸ ਦੀ ਹੀ ਪਤਨੀ ਸਰਬਜੀਤ ਕੌਰ ਵੱਲੋਂ ਦਿੱਤੀ ਸ਼ਿਕਾਇਤ ’ਤੇ ਜਗਰਾਓਂ ਥਾਣਾ ਸਦਰ ਦੀ ਪੁਲਿਸ ਨੇ ਬੀਤੀ 7 ਮਾਰਚ ਨੂੰ ਜਾਂਚ ਲਈ ਸੱਦਿਆ ਸੀ। ਇਸ ਦੌਰਾਨ ਦਲਜੀਤ ਸਿੰਘ ਨੇ ਥਾਣੇ ਵਿਚ ਹੀ ਖੁਦ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਲਈ ਸੀ। ਉਸ ਨੂੰ ਅੱਗ ਦੀਆਂ ਲਪਟਾਂ ਤੋਂ ਪੁਲਿਸ ਅਤੇ ਲੋਕਾਂ ਨੇ ਬਚਾਉਂਦਿਆਂ ਜਗਰਾਓਂ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਫਰੀਦਕੋਟ ਰੈਫਰ ਕਰ ਦਿੱਤਾ ਸੀ।

ਇਥੇ ਇਹ ਵੀ ਦੱਸਣਯੋਗ ਹੈ ਕਿ ਘਟਨਾ ਵਾਲੇ ਦਿਨ ਪੀੜਤ ਦੀ ਮਾਤਾ ਅਤੇ ਪਿੰਡ ਦੇ ਸਾਬਕਾ ਸਰਪੰਚ ਨੇ ਇਸ ਘਟਨਾ ਲਈ ਪੁਲਿਸ ਨੂੰ ਕਸੂਰਵਾਰ ਠਹਿਰਾਇਆ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਥਾਣੇਦਾਰ ਨੇ ਦਲਜੀਤ ਨੂੰ ਚੰਗਾ ਮੰਦਾ ਬੋਲਦਿਆਂ ਉਸ ਦੇ ਥੱਪੜ ਮਾਰਿਆ। ਇਸ ਜ਼ਲਾਲਤ ਤੋਂ ਦੁਖੀ ਹੋਏ ਦਲਜੀਤ ਨੇ ਖੁਦ ਨੂੰ ਅੱਗ ਲਾ ਲਈ ਸੀ। ਇਸ ਮਾਮਲੇ ਵਿਚ ਦੋ ਦਿਨ ਬਾਅਦ ਜਗਰਾਓਂ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਦੀ ਮਾਤਾ ਸੁਰਿੰਦਰ ਕੌਰ ਦੇ ਬਿਆਨਾਂ ’ਤੇ ਹੀ ਇਸ ਘਟਨਾ ਲਈ ਉਸ ਦੀ ਪਤਨੀ ਸਰਬਜੀਤ ਕੌਰ ਨੂੰ ਦੋਸ਼ੀ ਠਹਿਰਾਉਂਦਿਆਂ ਉਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ। ਜਗਰਾਓਂ ਪੁਲਿਸ ਨੇ ਦਲਜੀਤ ਦੀ ਪਤਨੀ ਸਰਬਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਮੁੜ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।

error: Content is protected !!