ਪਾਕਿਸਤਾਨ ‘ਚ ਆਤਮਘਾਤੀ ਬੰਬ ਧਮਾਕਾ, 6 ਚੀਨ ਦੇ ਨਾਗਰਿਕਾਂ ਦੀ ਮੌ.ਤ
ਇਸਲਾਮਾਬਾਦ (ਵੀਓਪੀ ਬਿਊਰੋ)- ਪਾਕਿਸਤਾਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਖੈਬਰ ਪਖਤੂਨਖਵਾ ਵਿੱਚ ਇੱਕ ਆਤਮਘਾਤੀ ਹਮਲੇ ਵਿੱਚ ਛੇ ਚੀਨੀ ਨਾਗਰਿਕ ਮਾਰੇ ਗਏ ਹਨ। ਮੁੱਢਲੀ ਜਾਣਕਾਰੀ ਮੁਤਾਬਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੀ ਕਾਰ ਚੀਨੀ ਨਾਗਰਿਕਾਂ ਦੇ ਕਾਫਲੇ ਨਾਲ ਟਕਰਾ ਦਿੱਤੀ।
ਪਾਕਿਸਤਾਨ ਦੇ ਮੀਡੀਆ ਹਾਊਸ ਜੀਓ ਨਿਊਜ਼ ਮੁਤਾਬਕ ਇਹ ਹਮਲਾ ਮੰਗਲਵਾਰ ਨੂੰ ਉਸ ਸਮੇਂ ਹੋਇਆ ਜਦੋਂ ਚੀਨੀ ਇੰਜੀਨੀਅਰਾਂ ਦਾ ਵਾਹਨ ਬੇਸ਼ਾਮ ਸ਼ਹਿਰ ਤੋਂ ਲੰਘ ਰਿਹਾ ਸੀ। ਇਸ ਦੌਰਾਨ ਵਿਸਫੋਟਕਾਂ ਨਾਲ ਭਰੀ ਅੱਤਵਾਦੀਆਂ ਦੀ ਗੱਡੀ ਨੇ ਇੰਜੀਨੀਅਰਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ ਅਤੇ ਚਾਰੇ ਪਾਸੇ ਧੂੰਆਂ ਫੈਲ ਗਿਆ।
ਹਮਲੇ ‘ਚ ਮਾਰੇ ਗਏ ਚੀਨੀ ਇੰਜੀਨੀਅਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਦਾਸੂ ਜਾ ਰਹੇ ਸਨ, ਜਿੱਥੇ ਉਨ੍ਹਾਂ ਦੇ ਠਹਿਰਨ ਲਈ ਕੈਂਪ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਪਾਕਿਸਤਾਨ ਵਿੱਚ ਕਈ ਹਮਲੇ ਹੋਏ ਸਨ, ਜਿਨ੍ਹਾਂ ਵਿੱਚ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਖਾਸ ਤੌਰ ‘ਤੇ ਪਾਕਿਸਤਾਨ ਅਤੇ ਚੀਨ ਦੇ ਸਾਂਝੇ ਪ੍ਰਾਜੈਕਟ ਚੀਨ ਪਾਕਿਸਤਾਨ ਆਰਥਿਕ ਗਲਿਆਰੇ ਦਾ ਵਿਰੋਧ ਹੋਇਆ ਹੈ, ਜਿਸ ਕਾਰਨ ਇਹ ਹਮਲੇ ਹੋਏ ਹਨ।


