ਅਵਾਰਾ ਕੁੱਤਿਆਂ ਨੇ ਕਰਵਾਈ ਨਗਰ ਨਿਗਮ ਦੀ ਤੋਬਾ, ਕੁਰਕ ਕਰਵਾਏ ਖਾਤੇ, ਜਾਣੋਂ ਕੀ ਹੈ ਮਾਮਲਾ

ਆਵਾਰਾ ਕੁੱਤਿਆਂ ਨੇ ਮੁਹਾਲੀ ਨਗਰ ਨਿਗਮ ਦੇ ਬੈਂਕ ਖਾਤੇ ਕੁਰਕ ਕਰਵਾ ਦਿੱਤੇ ਹਨ। ਸਥਾਈ ਲੋਕ ਅਦਾਲਤ ਨੇ ਮੁਹਾਲੀ ਨਗਰ ਨਿਗਮ ਦੇ ਬੈਂਕ ਖਾਤੇ ਕੁਰਕ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਕਾਰਵਾਈ ਸਮਾਜ ਸੇਵੀ ਆਗੂ ਕਮਲ ਨਯਨ ਸਿੰਘ ਸੋਢੀ ਵਾਸੀ ਸੈਕਟਰ-70 ਦੀ ਸ਼ਿਕਾਇਤ ’ਤੇ ਹੋਈ ਹੈ। ਉਨ੍ਹਾਂ ਨੇ ਨਿਗਮ ’ਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ।  ਸ਼ਿਕਾਇਤਕਰਤਾ ਨੇ ਕਿਹਾ ਕਿ ਅਦਾਲਤ ਵੱਲੋਂ ਆਵਾਰਾ ਕੁੱਤਿਆਂ ਦੀ ਨਸਬੰਦੀ ਦੇ ਮਾਮਲੇ ਸਬੰਧੀ 16 ਮਾਰਚ 2023 ਨੂੰ ਇੱਕ ਮਾਮਲੇ ਵਿੱਚ ਨਗਰ ਨਿਗਮ ਨੂੰ 25000 ਰੁਪਏ ਮੁਆਵਜ਼ਾ ਤੇ 25000 ਰੁਪਏ ਮੁਕੱਦਮੇਬਾਜ਼ੀ ਦੀ ਲਾਗਤ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਸਨ ਪਰ ਨਿਗਮ ਅਧਿਕਾਰੀਆਂ ਨੇ ਅਦਾਲਤ ਦੇ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਇਸ ਕਾਰਨ ਨਗਰ ਨਿਗਮ ਦੇ ਬੈਂਕ ਖਾਤੇ ਕੁਰਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਕਮਲ ਨਯਨ ਸੋਢੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਗਰ ਨਿਗਮ ਖ਼ਿਲਾਫ਼ ਆਵਾਰਾ ਕੁੱਤਿਆਂ ਦੀ ਨਸਬੰਦੀ ਸਬੰਧੀ ਸਥਾਈ ਲੋਕ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਸੀ। ਉਸ ਦੀ ਪਟੀਸ਼ਨਰ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਨਗਰ ਨਿਗਮ ਨੂੰ 50,000 ਰੁਪਏ (25,000 ਰੁਪਏ ਮੁਕੱਦਮੇਬਾਜ਼ੀ ਦੀ ਲਾਗਤ ਤੇ 25000 ਰੁਪਏ ਮੁਆਵਜ਼ਾ) ਅਦਾ ਕਰਨ ਦੇ ਹੁਕਮ ਦਿੱਤੇ ਸਨ ਪਰ ਨਿਗਮ ਵੱਲੋਂ ਇਹ ਰਕਮ ਅਦਾ ਨਹੀਂ ਕੀਤੀ ਗਈ ਜਿਸ ਕਾਰਨ ਉਨ੍ਹਾਂ ਵੱਲੋਂ ਅਦਾਲਤ ਵਿੱਚ ਨਵੇਂ ਸਿਰਿਓਂ ਪ੍ਰੋਟੈਸਟ ਪਟੀਸ਼ਨ ਦਾਇਰ ਕੀਤੀ ਗਈ।

ਇਸ ’ਤੇ ਕਾਰਵਾਈ ਕਰਦਿਆਂ ਸਥਾਈ ਲੋਕ ਅਦਾਲਤ ਵੱਲੋਂ ਨਗਰ ਨਿਗਮ ਦੇ ਬੈਂਕ ਖਾਤੇ ਕੁਰਕ ਕਰਨ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਦੱਸਿਆ ਕਿ ਇੱਥੋਂ ਦੇ ਸੈਕਟਰ-68 ਸਥਿਤ ਮੁਹਾਲੀ ਨਗਰ ਨਿਗਮ ਦਫ਼ਤਰ ਦੀ ਇਮਾਰਤ ਵਿੱਚ ਚੱਲਦੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦੇ ਮੈਨੇਜਰ ਨੂੰ 15 ਮਈ ਤੱਕ ਤਾਜ਼ਾ ਹੁਕਮਾਂ ਦੀ ਇਨ-ਬਿਨ ਪਾਲਣਾ ਕਰ ਕੇ ਨਿਗਮ ਦੇ ਖਾਤੇ ਦੀ ਸਟੇਟਮੈਂਟ ਅਦਾਲਤ ਵਿੱਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

error: Content is protected !!