ਖਹਿਰਾ ਦੇ ਪ੍ਰੋਗਰਾਮ ‘ਚ ਪੁੱਜੀ ਸਿਮਰਨ ਮਹੰਤ ਦੀ ਕੁੱਟਮਾਰ, ਸਰਪੰਚ ਖਿਲਾਫ ਰੋਸ ਜ਼ਾਹਿਰ ਕਰਨ ‘ਤੇ ਭੜਕੇ

ਧੂਰੀ ਵਿਧਾਨ ਸਭਾ ਹਲਕੇ ਦੇ ਪਿੰਡ ਲੱਡਾ ‘ਚ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਦੇ ਚੋਣ ਪ੍ਰਚਾਰ ਦੌਰਾਨ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਪਟਿਆਲਾ ਦੀ ਸਿਮਰਨ ਮਹੰਤ ਆਪਣੇ ਸਾਥੀਆਂ ਨਾਲ ਸਮਾਗਮ ‘ਚ ਆ ਪਹੁੰਚੀ।ਪਿੰਡ ਦੇ ਸਰਪੰਚ ਮਿੱਠੂ ਲੱਡਾ ਖਿਲਾਫ ਗੁੱਸਾ ਜ਼ਾਹਰ ਕਰਦਿਆਂ ਮਹੰਤ ਸਿਮਰਨ ਨੇ ਸੁਖਪਾਲ ਖਹਿਰਾ ਹੱਥੋਂ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਮਿੱਠੂ ਲੱਡਾ ਨੇ ਰੋਕ ਦਿੱਤਾ।

ਇਸ ਤੋਂ ਬਾਅਦ ਮੌਕੇ ‘ਤੇ ਮੌਜੂਦ ਕਾਂਗਰਸੀ ਵਰਕਰਾਂ ਤੇ ਪਿੰਡ ਵਾਸੀਆਂ ਨੇ ਮਹੰਤ ਤੇ ਉਸ ਦੇ ਸਾਥੀਆਂ ਨੂੰ ਪੰਡਾਲ ‘ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਅਤੇ ਪੰਡਾਲ ਤੋੰ ਬਾਹਰ ਲਿਜਾ ਕੇ ਮਹੰਤਾਂ ਨਾਲ ਕੁੱਟਮਾਰ ਵੀ ਕੀਤੀ।

ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਕਾਂਗਰਸੀ ਆਗੂ ਤੇ ਸਰਪੰਚ ਮਿੱਠੂ ਲੱਡਾ ਨੇ ਸਿਮਰਨ ਮਹੰਤ ਨਾਲ ਵਿਆਹ ਕੀਤਾ ਸੀ ਪਰ ਕੁਝ ਸਮੇਂ ਬਾਅਦ ਉਸ ਨੂੰ ਛੱਡ ਦਿੱਤਾ। ਮਹੰਤ ਦਾ ਦੋਸ਼ ਹੈ ਕਿ ਮਿੱਠੂ ਲੱਡਾ ਨੂੰ ਪਤਾ ਸੀ ਕਿ ਉਹ ਮਹੰਤ ਹੈ ਪਰ ਇਸ ਦੇ ਬਾਵਜੂਦ ਉਸ ਨੇ ਪੈਸੇ ਹੜੱਪਣ ਲਈ ਉਸ ਨਾਲ ਵਿਆਹ ਕਰਵਾਇਆ।

ਉਸ ਨਾਲ ਗੈਰ-ਕੁਦਰਤੀ ਸਬੰਧ ਵੀ ਬਣਾਏ ਤੇ ਲੱਖਾਂ ਰੁਪਏ ਦਾ ਚੂਨਾ ਲਗਾ ਕੇ ਉਸ ਨੂੰ ਛੱਡ ਦਿੱਤਾ। ਅੱਜ ਉਹ ਇਸ ਦਾ ਵਿਰੋਧ ਕਰਨ ਲਈ ਕਾਂਗਰਸ ਦੇ ਉਕਤ ਪ੍ਰੋਗਰਾਮ ਵਾਲੀ ਥਾਂ ‘ਤੇ ਗਈ ਸੀ ਪਰ ਉੱਥੇ ਵੀ ਉਸ ਦੀ ਕੁੱਟਮਾਰ ਕੀਤੀ ਗਈ। ਸਿਮਰਨ ਮਹੰਤ ਨੇ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

error: Content is protected !!