ਬੀਤੇ ਦਿਨ ਪੰਜਾਬ ਦੇ ਜਲੰਧਰ ਸਥਿਤ ਭਾਰਗਵ ਕੈਂਪ ਤੋਂ ਸਿਟੀ ਪੁਲਿਸ ਨੇ ਤਿੰਨ ਸਮੱਗਲਰਾਂ ਨੂੰ ਇੱਕ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਸੀ। ਹੁਣ ਇਸ ਮਾਮਲੇ ‘ਤੇ ਸਿਆਸਤ ਤੇਜ਼ ਹੋ ਗਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਸ਼ਹਿਰੀ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਫੜੇ ਗਏ ਸਮੱਗਲਰ ਦੀ ਤਸਵੀਰ ਸਾਂਝੀ ਕੀਤੀ ਹੈ।ਜਿਸ ਵਿੱਚ ਮੁਲਜ਼ਮ ਤਸਕਰ ਸਾਬਕਾ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ (ਹੁਣ ਭਾਜਪਾ ਵਿੱਚ) ਦੇ ਭਰਾ ਨਾਲ ਖੜ੍ਹਾ ਹੈ ਅਤੇ ਉਹ ਫੋਟੋ ਖਿਚਵਾ ਰਹੇ ਹਨ। ਉਪਰੋਕਤ ਫੋਟੋ ਸ਼ੇਅਰ ਕਰਕੇ ਚੰਨੀ ਨੇ ਭਾਜਪਾ ਉਮੀਦਵਾਰਾਂ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ‘ਤੇ ਸਵਾਲ ਖੜ੍ਹੇ ਕੀਤੇ ਹਨ। ਚੰਨੀ ਨੇ ਕਿਹਾ ਕਿ ਭਾਜਪਾ ਆਗੂਆਂ ਦੇ ਖ਼ੁਦ ਸਮੱਗਲਰਾਂ ਨਾਲ ਸਬੰਧ ਹਨ, ਉਹ ਦੂਜੀ ਪਾਰਟੀ ਬਾਰੇ ਕੀ ਕਹਿ ਸਕਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਥਾਣਿਆਂ ਅਤੇ ਸਪੈਸ਼ਲ ਸੈੱਲ ਦੀ ਟੀਮ ਨੇ ਭਾਰਗਵ ਕੈਂਪ ਵਿੱਚ ਛਾਪਾ ਮਾਰ ਕੇ ਤਿੰਨ ਮੁਲਜ਼ਮਾਂ ਨੂੰ ਇੱਕ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ ਜਿਸ ਵਿੱਚ ਮੁਲਜ਼ਮਾਂ ਦੀ ਪਛਾਣ ਭਾਰਗਵ ਕੈਂਪ ਗਰਾਊਂਡ ਨੇੜੇ ਰਹਿੰਦੇ ਵਰਿੰਦਰ ਕੁਮਾਰ ਉਰਫ਼ ਮੌਲਾ, ਉਸ ਦੇ ਭਰਾ ਜਤਿੰਦਰ ਕੁਮਾਰ ਉਰਫ਼ ਜਿੰਦਰ ਅਤੇ ਰੋਹਿਤ ਕੁਮਾਰ ਉਰਫ਼ ਕਾਕਾ ਵਜੋਂ ਹੋਈ ਹੈ।