ਛੱਤ ਤੇ ਗਈ ਵਿਦਿਆਰਥਣ ਲਈ ਕਾਲ ਬਣੇ ਬਾਂਦਰ, ਝੁੰਡ ਹੋਇਆ ਇੱਕਠਾ ਡਰਦੇ ਮਾਰੇ ਡਿੱਗੀ ਥੱਲੇ, ਹੋਈ ਮੌਤ

ਹਰਿਆਣਾ ਦੇ ਕਰਨਾਲ ਦੇ ਜਾਟੋ ਗੇਟ ‘ਚ ਰਹਿਣ ਵਾਲੀ 14 ਸਾਲਾ ਨੌਵੀਂ ਜਮਾਤ ਦੀ ਵਿਦਿਆਰਥਣ ਕਨਿਕਾ ਦੀ ਛੱਤ ਤੋਂ ਡਿੱਗਣ ਨਾਲ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਨਿਕਾ ‘ਤੇ ਬਾਂਦਰਾਂ ਦੇ ਸਮੂਹ ਨੇ ਹਮਲਾ ਕਰ ਦਿੱਤਾ। ਬੁੱਧਵਾਰ ਸ਼ਾਮ ਨੂੰ ਕਨਿਕਾ ਆਪਣੇ ਘਰ ਦੀ ਛੱਤ ‘ਤੇ ਸੈਰ ਕਰਨ ਗਈ ਸੀ ਕਿ ਅਚਾਨਕ ਬਾਂਦਰਾਂ ਦਾ ਇੱਕ ਟੋਲਾ ਉਸ ਵੱਲ ਆ ਗਿਆ। ਬਾਂਦਰਾਂ ਦੇ ਆਪਣੇ ‘ਤੇ ਹਮਲੇ ਤੋਂ ਘਬਰਾ ਕੇ ਕਨਿਕਾ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਛੱਤ ਤੋਂ ਹੇਠਾਂ ਡਿੱਗ ਗਈ।

ਪਰਿਵਾਰਕ ਮੈਂਬਰ ਤੁਰੰਤ ਕਨਿਕਾ ਨੂੰ ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਭਰਾ ਦੀਪਕ ਨੇ ਦੱਸਿਆ ਕਿ ਉਸ ਦੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਹਨ। ਅਸੀਂ ਪਰਿਵਾਰ ਵਿੱਚ ਚਾਰ ਮੈਂਬਰ ਹਾਂ। ਕਨਿਕਾ ਉਸਦੀ ਇਕਲੌਤੀ ਭੈਣ ਸੀ, ਜੋ ਨੇੜੇ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ 9ਵੀਂ ਜਮਾਤ ਦੀ ਵਿਦਿਆਰਥਣ ਸੀ। ਇਸ ਘਟਨਾ ਤੋਂ ਬਾਅਦ ਕਰਨਾਲ ਦੇ ਜਾਟੋ ਗੇਟ ਇਲਾਕੇ ‘ਚ ਸੋਗ ਦਾ ਮਾਹੌਲ ਹੈ। ਕਨਿਕਾ ਦੀ ਬੇਵਕਤੀ ਮੌਤ ਨੇ ਪੂਰੇ ਪਰਿਵਾਰ ਅਤੇ ਸਮਾਜ ਨੂੰ ਸਦਮਾ ਦਿੱਤਾ ਹੈ।

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਕੂਲ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਕਨਿਕਾ ਖਾਣਾ ਖਾਣ ਤੋਂ ਬਾਅਦ ਆਪਣੇ ਘਰ ਦੀ ਛੱਤ ‘ਤੇ ਟਹਿਲਣ ਗਈ ਸੀ ਅਤੇ ਆਪਣੇ ਮੋਬਾਈਲ ‘ਤੇ ਰੁੱਝੀ ਹੋਈ ਸੀ, ਉਦੋਂ ਅਚਾਨਕ ਛੱਤ ‘ਤੇ ਕਈ ਬਾਂਦਰ ਇਕੱਠੇ ਹੋ ਜਾਂਦੇ ਹਨ ਅਤੇ ਕਨਿਕਾ ਡਰ ਜਾਂਦੀ ਹੈ ਅਤੇ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਜਾਂਦੀ ਹੈ। ਪਰਿਵਾਰ ਵਾਲਿਆਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਹਾਦਸੇ ਤੋਂ ਬਾਅਦ ਪਰਿਵਾਰ ’ਚ ਸੋਗ ਦੀ ਲਹਿਰ ਹੈ।

ਜ਼ਿਕਰਯੋਗ ਹੈ ਕਿ ਕਰਨਾਲ ’ਚ ਬਾਂਦਰਾਂ ਦੀ ਦਹਿਸ਼ਤ ਪੁਰਾਣੀ ਹੈ, ਜਿਸ ਸਬੰਧੀ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਅਤੇ ਮੇਅਰ ਨੂੰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਪਰ ਬਾਂਦਰਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਹੈ, ਜਿਸ ਕਾਰਨ ਇਹ ਘਟਨਾ ਕਈ ਸਵਾਲ ਆਪਣੇ ਪਿੱਛੇ ਛੱਡ ਗਈ ਹੈ।

error: Content is protected !!