ਪਤੀ ਵਿਦੇਸ਼ ਸੀ ਪਿੰਡ ਦਾ ਮੁੰਡਾ ਕਰਦਾ ਸੀ ਦੋਸਤੀ ਲਈ ਤੰਗ, ਕਰਦਾ ਸੀ ਗੰਦੇ ਇਸ਼ਾਰੇ, ਦੁਖੀ ਹੋਈ ਨੇ ਚੁੱਕਿਆ ਖੌਫਨਾਕ ਕਦਮ

ਲੁਧਿਆਣਾ ‘ਚ ਇਕ ਵਿਆਹੁਤਾ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਿਆਹੁਤਾ ਔਰਤ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਪਿੰਡ ਦਾ ਇੱਕ ਨੌਜਵਾਨ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਇਸੇ ਨੌਜਵਾਨ ਤੋਂ ਤੰਗ ਆ ਕੇ ਉਸ ਨੇ ਮੌਤ ਨੂੰ ਗਲੇ ਲਗਾ ਲਿਆ। ਮਰਨ ਵਾਲੀ ਔਰਤ ਦਾ ਨਾਂ ਜਸਬੀਰ ਕੌਰ (36) ਹੈ। ਔਰਤ ਦੇ ਦੋ ਬੱਚੇ ਹਨ। ਜਦੋਂ ਵੀ ਉਹ ਘਰੋਂ ਸੈਰ ਕਰਨ ਜਾਂਦੀ ਸੀ ਤਾਂ ਮੁਲਜ਼ਮ ਨੌਜਵਾਨ ਉਸ ਦਾ ਪਿੱਛਾ ਕਰਦਾ ਸੀ।

ਆਰੋਪੀ ਨੌਜਵਾਨ , ਜਸਬੀਰ ਕੌਰ ਨਾਲ ਦੋਸਤੀ ਕਰਨ ਲਈ ਉਸ ‘ਤੇ ਜ਼ਬਰਦਸਤੀ ਦਬਾਅ ਪਾ ਰਿਹਾ ਸੀ। ਜਸਬੀਰ ਕੌਰ ਨੇ ਕਈ ਵਾਰ ਉਸ ਨਾਲ ਦੋਸਤੀ ਕਰਨ ਤੋਂ ਇਨਕਾਰ ਵੀ ਕੀਤਾ। ਉਕਤ ਨੌਜਵਾਨ ਉਸ ਨੂੰ ਕਈ ਵਾਰ ਫੋਨ ਕਰਕੇ ਤੰਗ ਪ੍ਰੇਸ਼ਾਨ ਕਰਦਾ ਸੀ। ਹਾਦਸੇ ਵਾਲੇ ਦਿਨ ਵੀ ਜਸਬੀਰ ਘਰ ਦੀ ਛੱਤ ‘ਤੇ ਖੜੀ ਸੀ। ਇਸ ਦੌਰਾਨ ਨੌਜਵਾਨ ਨੇ ਉਸ ਨੂੰ ਗੰਦੇ ਇਸ਼ਾਰੇ ਕੀਤੇ। ਇਸ ਤੋਂ ਬਾਅਦ ਉਸ ਨੇ ਘਰ ਅੰਦਰ ਰੱਖਿਆ ਜ਼ਹਿਰੀਲਾ ਪਦਾਰਥ ਨਿਗਲ ਲਿਆ।

 ਇਸ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਥਾਣਾ ਸਦਰ ਅੱਗੇ ਧਰਨਾ ਦਿੱਤਾ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਭੈਣ ਨੇ ਕਿਹਾ ਕਿ ਉਸ ਨੇ ਪਹਿਲਾਂ ਵੀ ਕੋਈ ਦਵਾਈ ਖਾ ਲਈ ਸੀ ਪਰ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ। ਹੁਣ ਜਦੋਂ ਉਸ ਨੇ ਇਹ ਕਦਮ ਚੁੱਕਿਆ ਤਾਂ ਉਸ ਨੇ ਡਾਕਟਰ ਨੂੰ ਦੱਸਿਆ ਕਿ ਉਸ ਨੇ ਕਿਉਂ ਇਹ ਦਵਾਈ ਖਾਧੀ ਹੈ । ਉਸ ਨੂੰ ਪਿੰਡ ਦਾ ਹੀ ਕੋਈ ਨੌਜਵਾਨ ਤੰਗ ਪਰੇਸ਼ਾਨ ਕਰਦਾ ਸੀ, ਜਿਸ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ।

 ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਨੌਜਵਾਨ ਪਿੰਡ ਦੀ ਇੱਕ ਹੋਰ ਲੜਕੀ ਨੂੰ ਵੀ ਪਰੇਸ਼ਾਨ ਕਰਦਾ ਸੀ, ਉਸ ਨੂੰ ਫੋਨ ਉੱਤੇ ਗਲਤ ਗੱਲਾਂ ਕਰਨ ਲਈ ਕਹਿੰਦਾ ਸੀ। ਉਹਨਾਂ ਕਿਹਾ ਕਿ ਮੁਲਜ਼ਮ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਮੁਲਜ਼ਮ ਨੇ ਕੁੱਝ ਦਿਨ ਪਹਿਲਾਂ ਹੀ ਲੜਕੀ ਦੇ ਨਾਲ ਗਾਲੀ ਗਲੋਚ ਵੀ ਕੀਤੀ ਸੀ ਅਤੇ ਉਸ ਨੂੰ ਮੰਦਾ ਚੰਗਾ ਬੋਲਿਆ ਸੀ। ਜਿਸ ਤੋਂ ਬਾਅਦ ਉਹ ਡਿਪਰੈਸ਼ਨ ਦੇ ਵਿੱਚ ਚਲੀ ਗਈ ਅਤੇ ਉਸ ਨੇ ਇਹ ਕਦਮ ਚੁੱਕ ਲਿਆ। ਉੱਧਰ ਜਦੋਂ ਇਸ ਸਬੰਧ ਵਿੱਚ ਥਾਣਾ ਸਦਰ ਦੇ ਐਸਐਚਓ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਮੌਕੇ ਉੱਤੇ ਮੌਜੂਦ ਨਹੀਂ ਸਨ। ਪਿੰਡ ਦੇ ਲੋਕਾਂ ਨੇ ਕਿਹਾ ਕਿ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਉਸ ਦੇ ਕਾਰਨ ਹੀ ਮਹਿਲਾ ਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਆਖਿਆ ਕਿ ਪੁਲਿਸ ਨੌਜਵਾਨ ਉੱਤੇ ਨਾ ਹੀ ਮਾਮਲਾ ਦਰਜ ਕਰ ਰਹੀ ਹੈ ਅਤੇ ਨਾ ਹੀ ਉਸ ਨੂੰ ਗ੍ਰਿਫਤਾਰ ਕਰ ਸਕੀ ਹੈ। ਜਿਸ ਕਰਕੇ ਮਜਬੂਰੀ ਵਿੱਚ ਉਹਨਾਂ ਨੇ ਅੱਜ ਧਰਨਾ ਪ੍ਰਦਰਸ਼ਨ ਕੀਤਾ ਹੈ।

error: Content is protected !!