42 ਘੰਟੇ ਲਿਫਟ ਚ ਫਸੇ ਇਨਸਾਨ ਨੇ ਦੱਸਿਆ ਖੌਫਨਾਕ ਮੰਜ਼ਰ, ਵਿੱਚ ਹੀ ਕਰ ਲੈਂਦਾ ਸੀ ਪਿਸ਼ਾਬ, ਪਿਆਸ ਲੱਗਣ ਤੇ ਚੱਟਦਾ ਸੀ ਬੁੱਲ

ਤਿਰੂਵਨੰਤਪੁਰਮ ਦੇ ਇਕ ਵੱਡੇ ਸਰਕਾਰੀ ਹਸਪਤਾਲ ’ਚ ਪਿਛਲੇ ਹਫਤੇ 42 ਘੰਟਿਆਂ ਤਕ ਲਿਫਟ ’ਚ ਫਸੇ 59 ਸਾਲ ਦੇ ਵਿਅਕਤੀ ਨੇ ਕਿਹਾ ਕਿ ਲਿਫ਼ਟ ’ਚ ਫਸੇ ਰਹਿਣ ਦੌਰਾਨ ਉਸ ਨੂੰ ਜੀਣ ਦੀ ਕੋਈ ਉਮੀਦ ਨਹੀਂ ਰਹਿ ਗਈ ਸੀ ਅਤੇ ਉਸ ਨੇ ਅਪਣੇ ਪਰਵਾਰ ਦੇ ਨਾਂ ਆਖ਼ਰੀ ਸੰਦੇਸ਼ ਲਿਖ ਕੇ ਅਪਣੇ ਬੈਗ ’ਚ ਰਖ ਲਿਆ ਸੀ। ਉਲੂਰ ਦੇ ਰਹਿਣ ਵਾਲੇ ਰਵਿੰਦਰਨ ਨਾਇਰ ਨੇ ਦਸਿਆ ਕਿ ਲੰਮੇ ਸਮੇਂ ਤਕ ਬਿਨਾਂ ਪਾਣੀ ਤੋਂ ਲਿਫਟ ’ਚ ਫਸੇ ਰਹਿਣ ਕਾਰਨ ਉਨ੍ਹਾਂ ਦੇ ਹੱਥ-ਪੈਰ ਸੁੰਨ ਹੋਣ ਲੱਗੇ। ਨਾਇਰ ਸਨਿਚਰਵਾਰ ਨੂੰ ਹਸਪਤਾਲ ਦੇ ਬਾਹਰੀ ਮਰੀਜ਼ ਵਿਭਾਗ ਜਾ ਰਿਹਾ ਸੀ ਜਦੋਂ ਲਿਫਟ ਅੱਧ ਵਿਚਕਾਰ ਰੁਕ ਗਈ ਅਤੇ ਉਹ ਉਥੇ ਫਸ ਗਿਆ। ਉਨ੍ਹਾਂ ਦਸਿਆ, ‘‘ਮੈਂ ਲਿਫਟ ਤੋਂ ਬਾਹਰ ਨਿਕਲਣ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਲਿਫਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ, ਤਾਂ ਮੈਨੂੰ ਸਿਰਫ ਕੰਧਾਂ ਦਿਸੀਆਂ। ਮੈਂ ਨਿਰਾਸ਼ ਹੋ ਗਿਆ ਅਤੇ ਕੰਧ ਨਾਲ ਟੱਕਰਾਂ ਮਾਰਨਾ ਸ਼ੁਰੂ ਕਰ ਦਿਤੀਆਂ।’’

ਨਾਇਰ ਨੇ ਕਿਹਾ ਕਿ ਉਸ ਨੇ ਅਪਣੇ ਮੋਬਾਈਲ ਫੋਨ ’ਤੇ ਟਾਰਚ ਦੀ ਵਰਤੋਂ ਕਰ ਕੇ ਇਕ ਸੰਦੇਸ਼ ਲਿਖਿਆ। ‘‘ਮੈਂ ਹਿੱਲ ਵੀ ਨਹੀਂ ਪਾ ਰਿਹਾ ਸੀ, ਮੇਰੇ ਹੱਥ ਅਤੇ ਪੈਰ ਸੁੰਨ ਹੋ ਗਏ ਸਨ…। ਮੈਨੂੰ ਚਿੰਤਾ ਸੀ ਕਿ ਜੇ ਮੈਨੂੰ ਕੁੱਝ ਹੋ ਗਿਆ, ਤਾਂ ਮੇਰੇ ਬੱਚੇ ਕਿਵੇਂ ਪੜ੍ਹਨਗੇ।’’ਉਨ੍ਹਾਂ ਕਿਹਾ, ‘‘ਮੇਰੇ ਕੋਲ ਪੀਣ ਲਈ ਪਾਣੀ ਨਹੀਂ ਸੀ ਪਰ ਮੇਰੇ ਕੋਲ ਬੈਗ ’ਚ ਮੇਰੀਆਂ ਕੁੱਝ ਕਵਿਤਾਵਾਂ ਸਨ ਜੋ ਮੈਂ ਲਿਖੀਆਂ ਸਨ।’’ਨਾਇਰ ਨੇ ਮੀਡੀਆ ਨੂੰ ਦਸਿਆ ਕਿ ਜਦੋਂ ਲਿਫਟ ਆਪਰੇਟਰ ਸੋਮਵਾਰ ਨੂੰ ਕੰਮ ’ਤੇ ਵਾਪਸ ਆਇਆ ਅਤੇ ਲਿਫਟ ਦੇ ਦਰਵਾਜ਼ੇ ਖੋਲ੍ਹੇ ਤਾਂ ਉਸ ਨੂੰ ਲੱਗਾ ਕਿ ਹਸਪਤਾਲ ਦਾ ਮੁਲਾਜ਼ਮ ਰੱਬ ਦਾ ਦੂਤ ਹੈ।

ਇਸ ਘਟਨਾ ਨੇ ਲੋਕਾਂ ’ਚ ਗੁੱਸਾ ਪੈਦਾ ਕਰ ਦਿਤਾ ਅਤੇ ਕੇਰਲ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਥਾਨਕ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਸੁਪਰਡੈਂਟ ਨੂੰ ਘਟਨਾ ਦੀ ਵਿਸਥਾਰਤ ਜਾਂਚ ਕਰਨ ਦੇ ਹੁਕਮ ਦਿਤੇ। ਨਾਇਰ ਸਨਿਚਰਵਾਰ ਤੋਂ ਸਰਕਾਰੀ ਮੈਡੀਕਲ ਕਾਲਜ ਦੇ ਓ.ਪੀ. ਬਲਾਕ ਦੀ ਲਿਫਟ ਵਿਚ ਫਸਿਆ ਹੋਇਆ ਸੀ ਅਤੇ ਸੋਮਵਾਰ ਸਵੇਰੇ ਜਦੋਂ ਆਪਰੇਟਰ ਰੁਟੀਨ ਕੰਮ ਲਈ ਲਿਫਟ ਸ਼ੁਰੂ ਕਰਨ ਆਇਆ ਤਾਂ ਉਸ ਨੇ ਨਾਇਰ ਨੂੰ ਬਾਹਰ ਕਢਿਆ । ਕਮਿਸ਼ਨ ਦੇ ਕਾਰਜਕਾਰੀ ਚੇਅਰਮੈਨ ਅਤੇ ਨਿਆਂਇਕ ਮੈਂਬਰ ਕੇ. ਬੈਜੂਨਾਥ ਨੇ ਸੁਪਰਡੈਂਟ ਨੂੰ 15 ਦਿਨਾਂ ਦੇ ਅੰਦਰ ਵਿਸਥਾਰਤ ਜਾਂਚ ਰੀਪੋਰਟ ਸੌਂਪਣ ਅਤੇ ਇਹ ਦੱਸਣ ਦਾ ਹੁਕਮ ਦਿਤਾ ਕਿ ਇਹ ਘਟਨਾ ਕਿਸ ਦੀ ਲਾਪਰਵਾਹੀ ਕਾਰਨ ਵਾਪਰੀ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਮੰਗਲਵਾਰ ਨੂੰ ਨਾਇਰ ਨਾਲ ਮੁਲਾਕਾਤ ਕੀਤੀ। ਨਾਇਰ ਦਾ ਇੱਥੇ ਇਕ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਮੰਤਰੀ ਨੇ ਮਰੀਜ਼ ਅਤੇ ਉਸ ਦੇ ਪਰਵਾਰ ਨੂੰ ਭਰੋਸਾ ਦਿਤਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ।

ਮੰਤਰੀ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਜਾਰਜ ਨੇ ਮਰੀਜ਼ ਦੀ ਸਿਹਤ ਬਾਰੇ ਪੁਛਿਆ ਅਤੇ ਡਾਕਟਰਾਂ ਨੇ ਉਸ ਨੂੰ ਦਸਿਆ ਕਿ ਉਸ ਦੀ ਹਾਲਤ ਤਸੱਲੀਬਖਸ਼ ਹੈ। ਨਾਇਰ ਨੇ ਮੰਤਰੀ ਦਾ ਧੰਨਵਾਦ ਕੀਤਾ। ਜਾਰਜ ਨੇ ਘਟਨਾ ਸਾਹਮਣੇ ਆਉਣ ਤੋਂ ਤੁਰਤ ਬਾਅਦ ਜਾਂਚ ਦੇ ਹੁਕਮ ਦਿਤੇ ਸਨ। ਮੈਡੀਕਲ ਸਿੱਖਿਆ ਦੇ ਡਾਇਰੈਕਟਰ ਦੀ ਅਗਵਾਈ ਵਾਲੀ ਮੁੱਢਲੀ ਜਾਂਚ ਦੇ ਆਧਾਰ ’ਤੇ ਹਸਪਤਾਲ ਦੇ ਤਿੰਨ ਕਰਮਚਾਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਵਿਸਥਾਰਤ ਜਾਂਚ ਕੀਤੀ ਜਾਵੇਗੀ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

error: Content is protected !!