ਘਰਵਾਲੇ ਨੂੰ ਛੱਡ ਪ੍ਰੇਮੀ ਨਾਲ ਫਰਾਰ ਹੋ ਗਈ ਪਤਨੀ, ਬੱਚੇ ਸਾਭਣੇ ਹੋਏ ਔਖੇ ਤਾਂ ਪਤਨੀ ਵਾਪਸ ਮੰਗਾਉਣ ਲਈ ਚੜ੍ਹ ਗਿਆ ਟਾਵਰ ਤੇ

ਦੁਪਹਿਰੇ ਇੱਕ ਮਜ਼ਦੂਰ ਇੱਥੇ ਥਾਣੇ ਨੇੜੇ ਲੱਗੇ ਮੋਬਾਈਲ ਟਾਵਰ ’ਤੇ ਚੜ੍ਹ ਗਿਆ। ਪਤਾ ਲੱਗਣ ’ਤੇ ਪੁਲੀਸ ਪ੍ਰਸ਼ਾਸਨ ਨੇ ਉਸ ਨੂੰ ਹੇਠਾਂ ਉਤਾਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ। ਟਾਵਰ ’ਤੇ ਚੜ੍ਹੇ ਵਿਅਕਤੀ ਨੇ ਮੌਕੇ ’ਤੇ ਪੁੱਜੇ ਪੱਤਰਕਾਰਾਂ ਨੂੰ ਫ਼ੋਨ ’ਤੇ ਦੱਸਿਆ ਕਿ ਉਸ ਦੀ ਪਤਨੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫ਼ਤਹਿ ਸਿੰਘ ਦੇ ਵਿਅਕਤੀ ਨਾਲ ਘਰੋਂ ਚਲੀ ਗਈ ਹੈ ਅਤੇ ਕੀਮਤੀ ਗਹਿਣਿਆਂ ਤੋਂ ਇਲਾਵਾ ਨਕਦੀ ਤੇ ਕੁਝ ਹੋਰ ਸਾਮਾਨ ਵੀ ਲੈ ਗਈ।

ਉਸ ਨੇ ਕਿਹਾ ਕਿ ਆਪਣੇ ਤਿੰਨ ਬੱਚਿਆਂ ਨੂੰ ਉਹ ਖੁਦ ਸਾਂਭ ਰਿਹਾ ਹੈ। ਉਸ ਦਾ ਕਹਿਣਾ ਸੀ ਕਿ ਜੇ ਉਹ ਕਮਾਈ ਲਈ ਘਰੋਂ ਬਾਹਰ ਜਾਂਦਾ ਹੈ ਤਾਂ ਘਰੇ ਬੱਚੇ ਭੁੱਖੇ ਰਹਿ ਜਾਂਦੇ ਹਨ, ਇਸ ਲਈ ਉਹ ਪ੍ਰੇਸ਼ਾਨ ਹੈ। ਉਸ ਨੇ ਦੱਸਿਆ ਕਿ ਉਸ ਦੀ ਇੱਛਾ ਹੈ ਕਿ ਉਸ ਦੀ ਪਤਨੀ ਘਰ ਆਵੇ।

ਉਸ ਨੇ ਕਿਹਾ ਕਿ ਇਸ ਸਬੰਧੀ ਪੁਲੀਸ ਤੋਂ ਮਦਦ ਲੈਣ ਲਈ ਡੇਢ ਮਹੀਨੇ ਤੋਂ ਉਹ ਥਾਣੇ ਦੇ ਚੱਕਰ ਕੱਟ ਰਿਹਾ ਹੈ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਉਹ ਦੁਖੀ ਹੋ ਕੇ ਟਾਵਰ ’ਤੇ ਚੜ੍ਹਿਆ ਹੈ। ਮੌਕੇ ’ਤੇ ਮੌਜੂਦ ਕਿਸਾਨ ਆਗੂ ਸਰਬਜੀਤ ਅਜਿੱਤਗਿੱਲ ਨੇ ਦੱਸਿਆ ਕਿ ਇਹ ਵਿਅਕਤੀ ਉਸ ਦੇ ਪਿੰਡ ਦਾ ਹੈ ਅਤੇ ਉਸ ਨੇ ਧਮਕੀ ਦਿੱਤੀ ਹੈ ਕਿ ਜੇ ਮਾਮਲਾ ਕਿਸੇ ਤਣ ਪੱਤਣ ਨਾ ਲਾਇਆ ਗਿਆ ਤਾਂ ਉਹ ਟਾਵਰ ਤੋਂ ਛਾਲ ਮਾਰ ਦੇਵੇਗਾ।

ਐੱਸਐੱਚਓ ਜੈਤੋ ਰਾਜੇਸ਼ ਕੁਮਾਰ ਵੱਲੋਂ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀ ਨੂੰ ਟਾਵਰ ਤੋਂ ਹੇਠਾਂ ਆਉਣ ਲਈ ਪ੍ਰੇਰਿਆ ਗਿਆ। ਥਾਣਾ ਮੁਖੀ ਨੇ ਕਿਹਾ ਕਿ ਜੇ ਪਤੀ-ਪਤਨੀ ’ਚੋਂ ਕੋਈ ਵੀ ਇੱਕਠਿਆਂ ਰਹਿਣ ਲਈ ਰਜ਼ਾਮੰਦ ਨਹੀਂ ਤਾਂ ਪੁਲੀਸ ਜ਼ਬਰਦਸਤੀ ਕਿਵੇਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਘਰੇਲੂ ਮਾਮਲੇ ਨੂੰ ਸੁਲਝਾਉਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ। ਕਰੀਬ ਸਵਾ ਘੰਟੇ ਦੀ ਜੱਦੋਜਹਿਦ ਮਗਰੋਂ ਉਹ ਵਿਅਕਤੀ ਟਾਵਰ ਤੋਂ ਹੇਠਾਂ ਆ ਗਿਆ।

error: Content is protected !!