ਉਸ ਨੇ ਕਿਹਾ ਕਿ ਆਪਣੇ ਤਿੰਨ ਬੱਚਿਆਂ ਨੂੰ ਉਹ ਖੁਦ ਸਾਂਭ ਰਿਹਾ ਹੈ। ਉਸ ਦਾ ਕਹਿਣਾ ਸੀ ਕਿ ਜੇ ਉਹ ਕਮਾਈ ਲਈ ਘਰੋਂ ਬਾਹਰ ਜਾਂਦਾ ਹੈ ਤਾਂ ਘਰੇ ਬੱਚੇ ਭੁੱਖੇ ਰਹਿ ਜਾਂਦੇ ਹਨ, ਇਸ ਲਈ ਉਹ ਪ੍ਰੇਸ਼ਾਨ ਹੈ। ਉਸ ਨੇ ਦੱਸਿਆ ਕਿ ਉਸ ਦੀ ਇੱਛਾ ਹੈ ਕਿ ਉਸ ਦੀ ਪਤਨੀ ਘਰ ਆਵੇ।
ਉਸ ਨੇ ਕਿਹਾ ਕਿ ਇਸ ਸਬੰਧੀ ਪੁਲੀਸ ਤੋਂ ਮਦਦ ਲੈਣ ਲਈ ਡੇਢ ਮਹੀਨੇ ਤੋਂ ਉਹ ਥਾਣੇ ਦੇ ਚੱਕਰ ਕੱਟ ਰਿਹਾ ਹੈ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਉਹ ਦੁਖੀ ਹੋ ਕੇ ਟਾਵਰ ’ਤੇ ਚੜ੍ਹਿਆ ਹੈ। ਮੌਕੇ ’ਤੇ ਮੌਜੂਦ ਕਿਸਾਨ ਆਗੂ ਸਰਬਜੀਤ ਅਜਿੱਤਗਿੱਲ ਨੇ ਦੱਸਿਆ ਕਿ ਇਹ ਵਿਅਕਤੀ ਉਸ ਦੇ ਪਿੰਡ ਦਾ ਹੈ ਅਤੇ ਉਸ ਨੇ ਧਮਕੀ ਦਿੱਤੀ ਹੈ ਕਿ ਜੇ ਮਾਮਲਾ ਕਿਸੇ ਤਣ ਪੱਤਣ ਨਾ ਲਾਇਆ ਗਿਆ ਤਾਂ ਉਹ ਟਾਵਰ ਤੋਂ ਛਾਲ ਮਾਰ ਦੇਵੇਗਾ।
ਐੱਸਐੱਚਓ ਜੈਤੋ ਰਾਜੇਸ਼ ਕੁਮਾਰ ਵੱਲੋਂ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀ ਨੂੰ ਟਾਵਰ ਤੋਂ ਹੇਠਾਂ ਆਉਣ ਲਈ ਪ੍ਰੇਰਿਆ ਗਿਆ। ਥਾਣਾ ਮੁਖੀ ਨੇ ਕਿਹਾ ਕਿ ਜੇ ਪਤੀ-ਪਤਨੀ ’ਚੋਂ ਕੋਈ ਵੀ ਇੱਕਠਿਆਂ ਰਹਿਣ ਲਈ ਰਜ਼ਾਮੰਦ ਨਹੀਂ ਤਾਂ ਪੁਲੀਸ ਜ਼ਬਰਦਸਤੀ ਕਿਵੇਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਘਰੇਲੂ ਮਾਮਲੇ ਨੂੰ ਸੁਲਝਾਉਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ। ਕਰੀਬ ਸਵਾ ਘੰਟੇ ਦੀ ਜੱਦੋਜਹਿਦ ਮਗਰੋਂ ਉਹ ਵਿਅਕਤੀ ਟਾਵਰ ਤੋਂ ਹੇਠਾਂ ਆ ਗਿਆ।