ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੀ ਢਾਣੀ ਰੇਸ਼ਮ ਸਿੰਘ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਦੋਸਤ ਨੂੰ ਛੱਡ ਕੇ ਵਾਪਸ ਆ ਰਹੇ ਬਾਈਕ ਸਵਾਰ ਨੌਜਵਾਨ ਨੂੰ ਲੱਕੜਾਂ ਨਾਲ ਭਰੀ ਟਰੈਕਟਰ ਟਰਾਲੀ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਥੋੜ੍ਹੀ ਦੇਰ ਪਹਿਲਾਂ ਹੀ ਉਸ ਨੇ ਆਪਣੇ ਪੁੱਤ ਨੂੰ ਫੋਨ ਕੀਤਾ ਸੀ ਤੇ ਉਸ ਦੇ ਪੁੱਤ ਨੇ ਕਿਹਾ ਕਿ ਮਾਂ ਗੇਟ ਖੋਲ੍ਹੋ ਮੈਂ ਆ ਰਿਹਾ ਹਾਂ ਪਰ ਉਸ ਨੂੰ ਨਹੀਂ ਪਤਾ ਸੀ ਕਿ ਹੁਣ ਪੁੱਤ ਦੀ ਲਾਸ਼ ਹੀ ਵੇਖਣ ਨੂੰ ਮਿਲੇਗੀ।
ਨੌਜਵਾਨ ਦੇ ਚਾਚਾ ਸਜਵਾਰ ਸਿੰਘ, ਸਾਬਕਾ ਸਰਪੰਚ ਦੇਸ ਸਿੰਘ ਅਤੇ ਸ਼ਾਮ ਸਿੰਘ ਨੇ ਦੱਸਿਆ ਕਿ ਸੁਨੀਲ ਸਿੰਘ ਫਾਜ਼ਿਲਕਾ ਦੇ ਬੱਸ ਸਟੈਂਡ ਨੇੜੇ ਮੋਬਾਈਲ ਦੀ ਦੁਕਾਨ ਚਲਾਉਂਦਾ ਸੀ। ਉਹ ਬੀਤੀ ਰਾਤ ਆਪਣੇ ਦੋਸਤ ਨੂੰ ਪਿੰਡ ਝੰਗੜ ਭੈਣੀ ਛੱਡ ਕੇ ਵਾਪਸ ਪਿੰਡ ਮਹਿਤਮ ਨਗਰ ਆਪਣੇ ਘਰ ਆ ਰਿਹਾ ਸੀ .
ਇਸੇ ਦੌਰਾਨ ਰਸਤੇ ਵਿੱਚ ਢਾਣੀ ਰੇਸ਼ਮ ਸਿੰਘ ਨੇੜੇ ਲੱਕੜਾਂ ਨਾਲ ਭਰੀ ਇੱਕ ਟਰੈਕਟਰ ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੁਨੀਲ ਦੀ ਮਾਂ ਸੁਮਿੱਤਰਾ ਰਾਣੀ ਨੇ ਦੱਸਿਆ ਕਿ ਉਸ ਦਾ ਬੇਟਾ ਸਵੇਰੇ ਕੰਮ ’ਤੇ ਗਿਆ ਸੀ ਅਤੇ ਦੇਰ ਸ਼ਾਮ ਤੱਕ ਘਰ ਨਹੀਂ ਪਰਤਿਆ। ਉਸ ਨੇ ਆਪਣੇ ਪੁੱਤ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਮਾਂ ਗੇਟ ਖੋਲ੍ਹੋ, ਮੈਂ ਆ ਰਿਹਾ ਹਾਂ। ਉਸ ਦਾ ਬੇਟਾ ਤਾਂ ਨਹੀਂ ਆਇਆ ਪਰ ਉਸਦੇ ਕੋਲ ਪੁੱਤ ਦੀ ਮੌਤ ਦੀ ਖ਼ਬਰ ਪਹੁੰਚ ਗਈ, ਜਿਸ ਨਾਲ ਪੂਰੇ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ ਹੈ, ਜਿਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।