ਤਿੰਨ ਪਟਵਾਰੀਆਂ ਨੇ ਇਕੱਠੇ ਹੋ ਕੇ ਲਾਇਆ ਚੂਨਾ, ਸਰਕਾਰੀ ਜ਼ਮੀਨ ਦਾ ਫਰਜ਼ੀ ਇੰਤਕਾਲ ਕਰਵਾ ਕੇ ਠੱਗੇ 1 ਕਰੋੜ ਰੁਪਏ
ਮੋਗਾ (ਵੀਓਪੀ ਬਿਊਰੋ) ਮੋਗਾ ਵਿੱਚ ਇੱਕ ਪਟਵਾਰੀ ਦੀ ਕਰੋੜਾਂ ਰੁਪਏ ਦੀ ਠੱਗੀ ਫੜੀ ਗਈ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਮੋਗਾ ਦੇ ਮਾਲ ਸਰਕਲ ਕਿਸ਼ਨਪੁਰਾ ਕਲਾਂ ਵਿੱਚ ਤਾਇਨਾਤ ਪਟਵਾਰੀ ਨਵਦੀਪ ਸਿੰਘ, ਦਿਲਖੁਸ਼ ਕੁਮਾਰੀ ਵਾਸੀ ਪਿੰਡ ਆਦਰਾਮਾਨ ਅਤੇ ਹਰਮਿੰਦਰ ਸਿੰਘ ਉਰਫ਼ ਗਗਨ ਵਾਸੀ ਪਿੰਡ ਰਸੂਲਪੁਰ ਖ਼ਿਲਾਫ਼ ਸਰਕਾਰੀ ਜ਼ਮੀਨ ਦਾ ਜਾਅਲੀ ਇੰਤਕਾਲ ਤਿਆਰ ਕਰਕੇ 1 ਕਰੋੜ ਰੁਪਏ ਦਾ ਮੁਆਵਜ਼ਾ ਹੜੱਪਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਪਿੰਡ ਆਦਰਾਮਾਨ, ਤਹਿਸੀਲ ਧਰਮਕੋਟ ਵਿਖੇ ਸਥਿਤ ਪੰਜਾਬ ਸਰਕਾਰ ਦੇ ਮੁੜ ਵਸੇਬਾ ਵਿਭਾਗ ਦੀ ਜ਼ਮੀਨ ਨੂੰ ਧੋਖੇ ਨਾਲ ਦਿਲਖੁਸ਼ ਕੁਮਾਰੀ ਦੇ ਨਾਂ ‘ਤੇ ਤਬਦੀਲ ਕਰਕੇ ਮੌਤ ਦਾ ਸਰਟੀਫਿਕੇਟ ਉਸ ਦੇ ਨਾਂ ਦਰਜ ਕਰਵਾਇਆ ਗਿਆ ਸੀ। ਇਸ ਮੌਤ ਦੇ ਸਰਟੀਫਿਕੇਟ ‘ਤੇ ਛਿੰਦਾ ਪਟਵਾਰੀ ਦੇ ਦਸਤਖਤ ਸਨ, ਜਦਕਿ ਉਹ ਤਹਿਸੀਲ ਧਰਮਕੋਟ ਦੇ ਪਿੰਡ ਰੇਡਵਾਂ ਦੇ ਸਬੰਧਤ ਮਾਲ ਸਰਕਲ ‘ਚ ਤਾਇਨਾਤ ਨਹੀਂ ਸੀ ਅਤੇ ਸਾਲ 2021 ਦੌਰਾਨ ਉਸ ਦੀ ਮੌਤ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਤਫ਼ਤੀਸ਼ ਦੌਰਾਨ ਤਹਿਸੀਲ ਧਰਮਕੋਟ ਵਿੱਚ ਤਾਇਨਾਤ ਤਤਕਾਲੀ ਕਾਨੂੰਗੋ ਅਤੇ ਨਾਇਬ ਤਹਿਸੀਲਦਾਰ ਨੇ ਬਿਆਨ ਦਰਜ ਕਰਵਾਏ ਹਨ ਕਿ ਉਕਤ ਜ਼ਮੀਨ ਦੇ ਤਬਾਦਲੇ ’ਤੇ ਉਨ੍ਹਾਂ ਵੱਲੋਂ ਦਸਤਖ਼ਤ ਨਹੀਂ ਕੀਤੇ ਗਏ ਸਨ, ਜਿਸ ਤੋਂ ਬਾਅਦ ਇਹ ਤਬਾਦਲਾ ਸ਼ੱਕੀ ਪਾਇਆ ਗਿਆ। ਇਸ ਵਿੱਚੋਂ ਕੁਝ ਜ਼ਮੀਨ ਕੌਮੀ ਮਾਰਗ ਬਣਾਉਣ ਲਈ ਐਕੁਆਇਰ ਕੀਤੀ ਗਈ ਸੀ ਅਤੇ ਦਿਲਖੁਸ਼ ਨੂੰ 18,53,661 ਰੁਪਏ ਅਤੇ 82,12,063 ਰੁਪਏ ਦਾ ਮੁਆਵਜ਼ਾ ਮਿਲਿਆ ਸੀ।
ਜਾਂਚ ਵਿੱਚ ਸਾਹਮਣੇ ਆਇਆ ਕਿ ਉਕਤ ਪਟਵਾਰੀ ਨਵਦੀਪ ਸਿੰਘ ਵੱਲੋਂ ਜ਼ਮੀਨ ਦੀ ਕੀਮਤ ਅਤੇ ਏ-ਰੋਲ ਦੀ ਰਿਪੋਰਟ ਤਿਆਰ ਕੀਤੀ ਗਈ ਸੀ। ਪਟਵਾਰੀ ਨਵਦੀਪ ਸਿੰਘ ਨੇ ਹਰਮਿੰਦਰ ਸਿੰਘ ਉਰਫ਼ ਗਗਨ ਨਾਲ ਮਿਲੀਭੁਗਤ ਕਰਕੇ ਇਸ ਨੂੰ ਦਿਲਖੁਸ਼ ਕੁਮਾਰੀ ਤੱਕ ਪਹੁੰਚਾਇਆ ਸੀ। ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਥਾਣਾ ਫ਼ਿਰੋਜ਼ਪੁਰ ਰੇਂਜ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਵਿਜੀਲੈਂਸ ਬਿਊਰੋ ਨੇ ਮਾਮਲੇ ਸੰਬੰਧੀ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।
Punjab moga patwari fraud ine crores