ਟਰੇਨ ‘ਚ ਟਿਕਟ ਚੈੱਕ ਕਰਨ ਚੜ੍ਹੇ ਸਿੱਖ TT ਨਾਲ ਬਦਤਮੀਜ਼ੀ, ਤਿੰਨ ਜਣਿਆਂ ਨੇ ਕੀਤੀ ਕੁੱਟਮਾਰ

ਟਰੇਨ ‘ਚ ਟਿਕਟ ਚੈੱਕ ਕਰਨ ਚੜ੍ਹੇ ਸਿੱਖ TT ਨਾਲ ਬਦਤਮੀਜ਼ੀ, ਤਿੰਨ ਜਣਿਆਂ ਨੇ ਕੀਤੀ ਕੁੱਟਮਾਰ

ਮੁੰਬਈ (ਵੀਓਪੀ ਬਿਊਰੋ) ਮੁੰਬਈ ਰੇਲਵੇ ‘ਚ ਸੇਵਾ ਕਰ ਰਹੇ ਇਕ ਸਿੱਖ ਟਿਕਟ ਚੈਕਰ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਜਿਸ ਤੋਂ ਬਾਅਦ ਦੇਸ਼ ਭਰ ‘ਚ ਸਿੱਖਾਂ ਖਿਲਾਫ ਚੱਲ ਰਹੀ ਨਫਰਤ ਦੀ ਮੁਹਿੰਮ ਦਾ ਪੰਜਾਬ ‘ਚ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ‘ਤੇ ਅਕਾਲੀ ਦਲ ਦੇ ਆਗੂਆਂ ਨੇ ਗੁੱਸਾ ਜ਼ਾਹਰ ਕੀਤਾ ਹੈ, ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਵਿਰੋਧ ਪ੍ਰਗਟਾਇਆ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਦੇ ਮੁੰਬਈ ਵਿਖੇ ਰੇਲ ਸੇਵਾ ਡਿਊਟੀ ਦੌਰਾਨ ਸਿੱਖ ਟਿਕਟ ਚੈਕਰ ਜਸਬੀਰ ਸਿੰਘ ‘ਤੇ ਹਮਲੇ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਵੀਡੀਓ ਬਹੁਤ ਹੀ ਦੁਖਦਾਈ ਹੈ, ਜਿਸ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਜਸਬੀਰ ਸਿੰਘ ‘ਤੇ ਕੁਝ ਸਵਾਰੀਆਂ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਆਪਣੀ ਡਿਊਟੀ ਨਿਭਾ ਰਿਹਾ ਸੀ। ਇਹ ਅਤਿ ਨਿੰਦਣਯੋਗ ਹੈ।

ਉਨ੍ਹਾਂ ਨੇ ਮੁੰਬਈ ਗਵਰਨਮੈਂਟ ਰੇਲਵੇ ਪੁਲਿਸ ਨੂੰ ਵੀ ਇਸ ਮਾਮਲੇ ‘ਚ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਦੋਸ਼ੀਆਂ ਨੂੰ ਸਰਕਾਰੀ ਰੇਲਵੇ ਪੁਲੀਸ ਨੇ ਮੌਕੇ ’ਤੇ ਹੀ ਫੜ ਲਿਆ ਹੈ। ਪਰ, ਮਹਾਰਾਸ਼ਟਰ ਸਰਕਾਰ ਅਤੇ ਰੇਲਵੇ ਮੰਤਰਾਲੇ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਇਹ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਭਵਿੱਖ ਵਿੱਚ ਕਿਸੇ ਸਿੱਖ ਅਫ਼ਸਰ ਨਾਲ ਅਜਿਹੀ ਘਟਨਾ ਨਾ ਵਾਪਰੇ।

ਐਡਵੋਕੇਟ ਧਾਮੀ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਮੁੰਬਈ ਦੇ ਸਥਾਨਕ ਭਾਈਚਾਰੇ ਦੇ ਲੋਕਾਂ ਤੋਂ ਮਿਲੀ ਹੈ। ਜਿਸ ਮੁਤਾਬਕ ਦੋਸ਼ੀ ਰੇਲ ਯਾਤਰੀ ਬਿਨਾਂ ਟਿਕਟ ਸਫਰ ਕਰ ਰਹੇ ਸਨ। ਜਦੋਂ ਜਸਬੀਰ ਸਿੰਘ ਨੇ ਆਪਣੀ ਡਿਊਟੀ ਕਰਦੇ ਹੋਏ ਜੁਰਮਾਨਾ ਭਰਨ ਲਈ ਕਿਹਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਕਮੀਜ਼ ਪਾੜ ਦਿੱਤੀ ਗਈ।

error: Content is protected !!