ਕਾਂਗਰਸ ਨੇ ਰਵਨੀਤ ਬਿੱਟੂ ਖਿਲਾਫ਼ ਦਰਜ ਕਰਵਾਈ FIR, ਅੱਤਵਾਦੀ ਕਹਿਣ ‘ਤੇ ਛਿੜਿਆ ਵਿਵਾਦ
ਦਿੱਲੀ (ਵੀਓਪੀ ਬਿਊਰੋ) ਕਦੇ ਕਾਂਗਰਸ ਦੇ ਖਾਸਮ-ਖਾਸ ਰਹੇ ਲੁਧਿਆਣਾ ਤੋਂ ਸਾਬਕਾ ਸੰਸਦ ਮੈਂਬਰ ਰਵਨੀਤ ਬਿੱਟੂ ਅੱਜ ਕਾਂਗਰਸ ਅਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖਿਲਾਫ਼ ਹੀ ਸ਼ਬਦੀ ਹਮਲੇ ਕਰ ਰਹੇ ਹਨ। ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ‘ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਖਿਲਾਫ ਐੱਫ.ਆਈ.ਆਰ. ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਕ ਅਧਿਕਾਰੀ ਨੇ ਇਸ ਦੀ ਸ਼ਿਕਾਇਤ ਕੀਤੀ ਸੀ।
ਇਸ ਤੋਂ ਇਲਾਵਾ ਸੂਬੇ ‘ਚ ਕਈ ਥਾਵਾਂ ‘ਤੇ ਕਾਂਗਰਸੀ ਵਰਕਰਾਂ ਨੇ ਪ੍ਰਦਰਸ਼ਨ ਕੀਤਾ ਅਤੇ ਦੋਸ਼ੀ ਆਗੂਆਂ ਦੇ ਪੁਤਲੇ ਫੂਕੇ। ਬਿੱਟੂ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 353 (2) (ਗਲਤ ਸੂਚਨਾ ਜਾਂ ਅਫਵਾਹਾਂ ਫੈਲਾਉਣਾ), 192 (ਦੰਗਾ ਭੜਕਾਉਣ ਦੀ ਕੋਸ਼ਿਸ਼) ਅਤੇ 196 (ਧਰਮ ਜਾਂ ਜਾਤ ਦੇ ਆਧਾਰ ‘ਤੇ ਨਫ਼ਰਤ ਫੈਲਾਉਣਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਆਪਣੇ ਬਿਆਨ ਲਈ ਮੁਆਫੀ ਨਹੀਂ ਮੰਗਾਂਗਾ, ਸਗੋਂ ਸੰਸਦ ‘ਚ ਇਹ ਵੀ ਕਹਾਂਗਾ ਕਿ ਗਾਂਧੀ ਪਰਿਵਾਰ ਨੇ ਪੰਜਾਬ ਨੂੰ ਸਾੜਿਆ। ਅਸੀਂ ਪੰਜਾਬ ਵਿੱਚ ਆਪਣੀਆਂ ਕਈ ਪੀੜ੍ਹੀਆਂ ਗੁਆ ਚੁੱਕੇ ਹਾਂ।
ਦੱਸ ਦੇਈਏ ਕਿ ਬਿੱਟੂ ਨੇ 15 ਸਤੰਬਰ ਨੂੰ ਕਿਹਾ ਸੀ ਕਿ ਰਾਹੁਲ ਗਾਂਧੀ ਦੇਸ਼ ਦੇ ਨੰਬਰ-1 ਅੱਤਵਾਦੀ ਹਨ। ਜੋ ਵੀ ਇਨ੍ਹਾਂ ਨੂੰ ਫੜਦਾ ਹੈ ਉਸ ਨੂੰ ਇਨਾਮ ਮਿਲਣਾ ਚਾਹੀਦਾ ਹੈ ਕਿਉਂਕਿ ਉਹ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ ਹਨ।