ਇਸ ਪਿੰਡ ਨੇ ਪੇਸ਼ ਕੀਤੀ ਮਿਸਾਲ…. 65 ਸਾਲ ਤੋਂ ਨਹੀਂ ਹੋਈ ਪੰਚਾਇਤੀ ਚੋਣ, ਇਸ ਵਾਰ ਵੀ ਸਰਬਸੰਮਤੀ ਨਾਲ ਚੁਣਿਆ ਸਰਪੰਚ

ਪਟਿਆਲਾ (ਵੀਓਪੀ ਬਿਊਰੋ) ਪੰਚਾਇਤੀ ਚੋਣਾਂ ਦਾ ਇਸ ਵਾਰ ਪੰਜਾਬ ਵਿੱਚ ਪੂਰਾ ਜੋਰ ਹੈ। ਬਿਨਾ ਸਿਆਸੀ ਪਾਰਟੀਆਂ ਦੇ ਚਿੰਨ੍ਹ ਤੋਂ ਹੋ ਰਹੀਆਂ ਇਸ ਵਾਰ ਪੰਚਾਇਤੀ ਚੋਣਾਂ ਦਾ ਖੁਮਾਰ ਸਿਰ ਚੜ ਕੇ ਬੋਲ ਰਿਹਾ ਹੈ। ਅੱਜ ਗੱਲ ਕਰੀਏ ਪਟਿਆਲਾ ਜ਼ਿਲ੍ਹੇ ਦੇ ਬਲਾਕ ਭੁਨਰਹੇੜੀ ਦੇ ਪਿੰਡ ਜਵਾਲਾਪੁਰ ਉਰਫ ਉਲਟਪੁਰ ਦੀ ਤਾਂ ਇਸ ਪਿੰਡ ਨੇ ਨਵਾਂ ਮਾਰਕਾ ਮਾਰਿਆ ਹੈ। ਇਸ ਪਿੰਡ ਵਿੱਚ 65 ਸਾਲ ਤੋਂ ਕਦੇ ਵੀ ਪੰਚਾਇਤ ਚੁਣਨ ਲਈ ਚੋਣ ਨਹੀਂ ਹੋਈ ਹੈ।

ਇਹ ਪਿੰਡ (ਜਵਾਲਾਪੁਰ) ਪੰਜਾਬ ਦਾ ਇਕਲੌਤਾ ਪਿੰਡ ਹੈ, ਜਿਸ ਵਿੱਚ 2 ਅਕਤੂਬਰ 1959 ਨੂੰ ਪੰਚਾਇਤੀ ਰਾਜ ਸ਼ੁਰੂ ਹੋਣ ਤੋਂ ਬਾਅਦ ਅੱਜ ਤੱਕ ਕੋਈ ਚੋਣ ਨਹੀਂ ਹੋਈ। ਪਿੰਡ ਵਾਸੀਆਂ ਨੇ ਇਸ ਵਾਰ ਵੀ ਸਿਮਰ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਹੈ।

ਚੋਣ ਆਬਜ਼ਰਵਰ ਨਵਜੋਤ ਪਾਲ ਸਿੰਘ ਰੰਧਾਵਾ ਪਿੰਡ ਮਹਿਮੂਦਪੁਰ ਪੁੱਜੇ, ਜਿੱਥੇ ਕਿ ਪਿੰਡ ਵਾਸੀਆਂ ਨੇ ਸਤਵੰਤ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ। ਇਸੇ ਦੌਰਾਨ ਚੋਣ ਅਬਜ਼ਰਵਰ ਨੇ ਸਾਰੇ ਰਿਟਰਨਿੰਗ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ 15 ਅਕਤੂਬਰ ਨੂੰ ਗ੍ਰਾਮ ਪੰਚਾਇਤਾਂ ਦੀਆਂ ਹੋਣ ਵਾਲੀਆਂ ਆਮ ਚੋਣਾਂ ਦੇ ਸਮੁੱਚੇ ਅਮਲ ਨੂੰ ਪੂਰੀ ਨਿਰਪੱਖਤਾ, ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ।

ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਲਈ ਤਾਇਨਾਤ ਕੀਤੇ ਚੋਣ ਆਬਜ਼ਰਵਰ ਸੀਨੀਅਰ ਆਈ.ਏ.ਐੱਸ. ਅਧਿਕਾਰੀ ਤੇ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਪਿੰਡਾਂ ਦਾ ਦੌਰਾ ਕਰਕੇ ਪੰਚਾਇਤੀ ਚੋਣਾਂ ਦੀ ਚੱਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਨਵਜੋਤ ਪਾਲ ਸਿੰਘ ਰੰਧਾਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਚੋਣਾਂ ਆਜ਼ਾਦਾਨਾ, ਨਿਰਪੱਖ ਤੇ ਪੂਰੀ ਪਾਰਦਸ਼ਤਾ ਨਾਲ ਕਰਵਾਉਣੀਆਂ ਯਕੀਨੀ ਬਨਾਉਣ ਲਈ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਸਖਤੀ ਨਾਲ ਕੀਤੀ ਜਾਵੇ। ਇਸ ਮੌਕੇ ਲਾਇਜਨ ਅਫ਼ਸਰ ਤੇ ਆਰ.ਟੀ.ਓ. ਨਮਨ ਮੜਕਨ ਵੀ ਮੌਜੂਦ ਸਨ।

error: Content is protected !!