ਹੁਣ ਅਜਮੇਰ ਸ਼ਰੀਫ ‘ਚ ਹਿੰਦੂ ਮੰਦਰ ਦਾ ਦਾਅਵਾ, ਅਦਾਲਤ ਨੇ ਜਾਰੀ ਕੀਤਾ ਨੋਟਿਸ
ਅਜਮੇਰ (ਵੀਓਪੀ ਬਿਊਰੋ) ਬੁੱਧਵਾਰ ਨੂੰ ਹੇਠਲੀ ਅਦਾਲਤ ਨੇ ਰਾਜਸਥਾਨ ਦੇ ਅਜਮੇਰ ਸਥਿਤ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਨੂੰ ਹਿੰਦੂ ਮੰਦਰ ਐਲਾਨਣ ਵਾਲੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ ਕਰਦਿਆਂ ਅਗਲੀ ਸੁਣਵਾਈ ਦੀ ਤਰੀਕ 20 ਦਸੰਬਰ 2024 ਤੈਅ ਕੀਤੀ ਹੈ।
ਰਾਸ਼ਟਰੀ ਰਾਜਧਾਨੀ ਦਿੱਲੀ ਦੇ ਰਹਿਣ ਵਾਲੇ ਹਿੰਦੂ ਸੈਨਾ ਦੇ ਵਿਸ਼ਨੂੰ ਗੁਪਤਾ ਨੇ ਹੇਠਲੀ ਅਦਾਲਤ ‘ਚ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਸੀ ਕਿ ਅਜਮੇਰ ‘ਚ ਸਥਿਤ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਹਿੰਦੂ ਪੂਜਾ ਸਥਾਨ ਹੈ। ਇਸ ਪਟੀਸ਼ਨ ਦੀ ਸੁਣਵਾਈ ਅਜਮੇਰ ਪੱਛਮੀ ਸਿਵਲ ਜੱਜ ਸੀਨੀਅਰ ਡਵੀਜ਼ਨ ਮਨਮੋਹਨ ਚੰਦੇਲ ਦੀ ਅਦਾਲਤ ਨੇ ਕੀਤੀ। ਇਸ ਦੌਰਾਨ ਮੁਦਈ ਵਿਸ਼ਨੂੰ ਗੁਪਤਾ ਦੇ ਮੁਕੱਦਮੇ ਦਾ ਨੋਟਿਸ ਲੈਂਦਿਆਂ ਜੱਜ ਨੇ ਦਰਗਾਹ ਕਮੇਟੀ, ਘੱਟ ਗਿਣਤੀ ਮਾਮਲੇ ਅਤੇ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੂੰ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਇਸ ਮਾਮਲੇ ਦੀ ਸੁਣਵਾਈ ਕੱਲ ਯਾਨੀ ਮੰਗਲਵਾਰ ਨੂੰ ਵੀ ਹੋਈ ਸੀ। ਅੱਜ ਵੀ ਅਦਾਲਤ ਵਿੱਚ ਸੁਣਵਾਈ ਹੋਈ ਅਤੇ ਅਦਾਲਤ ਨੇ ਇਸ ਮਾਮਲੇ ਨੂੰ ਸਵੀਕਾਰ ਕਰਦਿਆਂ ਦਰਗਾਹ ਕਮੇਟੀ, ਘੱਟ ਗਿਣਤੀ ਮਾਮਲੇ ਅਤੇ ਭਾਰਤੀ ਪੁਰਾਤੱਤਵ ਸਰਵੇਖਣ ਨੂੰ ਨੋਟਿਸ ਜਾਰੀ ਕਰਨ ਦੇ ਹੁਕਮ ਜਾਰੀ ਕਰਨ ਦਾ ਫੈਸਲਾ ਕੀਤਾ ਹੈ।