ਮੋਟਰਸਾਈਕਲ ਤੋਂ ਤਿਲਕ ਕੇ ਕਿਸਾਨ ਖੁੱਭਿਆ ਪਾਣੀ ਦੀ ਖਾਲ ਚ,ਬਚਾਉਣ ਦੀ ਬਜਾਏ ਲੋਕ ਬਣਾਉਂਦੇ ਰਹੇ ਵੀਡੀਓ

ਵੀਓਪੀ ਬਿਓਰੋ: ਅੱਜਕਲ ਦੇ ਦੌਰ ਵਿੱਚ ਹਾਦਸਿਆਂ ਵਿਚ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਪਰ ਇਹਨਾਂ ਹਾਦਸਿਆਂ ਵਿੱਚ ਲੋਕਾਂ ਦੀ ਲਾਪਰਵਾਹੀ ਵੀ ਬੰਦੇ ਨੂੰ ਮੌਤ ਦੇ ਮੂੰਹ ਚ ਲੈਕੇ ਜਾਂਦੀ ਹੈ।ਇਸੇ ਤਰ੍ਹਾਂ  ਦੀ ਖ਼ਬਰ ਸਾਹਮਣੇ ਆਈ ਹੈ ਜਿਸਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ।

ਪੰਜਾਬ ਦੇ ਪਿੰਡ ਮਗਰ ਮੂਧੀਆਂ ਨੇੜੇ ਇੱਕ ਕਿਸਾਨ ਨਾਲ ਦਰਦਨਾਕ ਹਾਦਸਾ ਵਾਪਰਿਆ। ਕਿਸਾਨ ਆਪਣੇ ਪਿੰਡ ਗੰਜੀ ਤੋਂ ਗੁਰਦਾਸਪੁਰ ਵੱਲ ਜਾ ਰਿਹਾ ਸੀ ਇਸ ਦੌਰਾਨ ਅਚਾਨਕ ਉਸ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਅਤੇ ਉਹ ਸੜਕ ਦੇ ਕੰਡੇ ਪਾਣੀ ਦੀ ਖਾਲ ਵਿੱਚ ਜਾ ਡਿੱਗਿਆ। ਖਾਲ ਵਿੱਚ ਉਸ ਦਾ ਸਿਰ ਪੂਰਾ ਦਾ ਪੂਰਾ ਧੱਸ ਗਿਆ ਜਿਸ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ ਤੇ ਉਸ ਦੀ ਮੌਤ ਹੋ ਗਈ।

ਸਬੰਧਤ ਥਾਣਾ ਦੋਰਾਂਗਲਾ ਦੀ ਪੁਲਿਸ ਨੇ ਇਤਲਾਹ ਮਿਲਦੇ ਹੀ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਪਹਿਚਾਨ ਗੁਰਪ੍ਰੀਤ ਸਿੰਘ ਵਾਸੀ ਗੰਜੀ ਦੇ ਤੌਰ ਤੇ ਹੋਈ ਹੈ। ਉਹ ਕਿਸਾਨੀ ਕਰਕੇ ਆਪਣਾ ਟੱਬਰ ਚਲਾ ਰਿਹਾ ਸੀ। ਉਸਦੇ ਦੋ ਬੱਚੇ ਇੱਕ ਲੜਕਾ ਤੇ ਇੱਕ ਲੜਕੀ ਹਨ, ਜਿਨ੍ਹਾਂ ਦੇ ਸਿਰ ਤੋਂ ਹੁਣ ਪਿਓ ਦਾ ਸਾਇਆ ਉੱਠ ਗਿਆ ਹੈ।

ਸਿਵਲ ਹਸਪਤਾਲ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਗੁਰਪ੍ਰੀਤ ਸਿੰਘ ਉਰਫ ਗੋਲਡੀ ਦੇ ਚਚੇਰੇ ਭਰਾ ਮੰਗਾ ਨੇ ਦੱਸਿਆ ਕਿ ਇਹ ਮੇਰੇ ਤਾਏ ਦਾ ਲੜਕਾ ਹੈ ਜੋ ਆਪਣੇ ਪਿੰਡ ਤੋਂ ਗੁਰਦਾਸਪੁਰ ਵੱਲ ਨੂੰ ਆ ਰਿਹਾ ਸੀ ਤਾਂ ਪਿੰਡ ਮਗਰ ਮੂਧੀਆਂ ਨੇੜੇ ਸੜਕ ਕਿਨਾਰੇ ਮੋਟਰਸਾਈਕਲ ਫਿਸਲ ਗਿਆ। ਇਸ ਦਾ ਸਿਰ ਪਾਣੀ ਦੀ ਥਾਲ ਵਿੱਚ ਸ਼ਾਇਦ ਧੱਸ ਗਿਆ ਸੀ ਜਿਸ ਕਾਰਨ ਉਹ ਨਿਕਲ ਨਹੀਂ ਪਾਇਆ।

ਮ੍ਰਿਤਕ ਦੇ ਚਚੇਰੇ ਭਰਾ ਨੇ ਅੱਗੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਨੇ ਵੀ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਵੀਡੀਓ ਬਣਾਉਂਦੇ ਰਹੇ। ਫਿਰ ਪੁਲਿਸ ਵਾਲਿਆਂ ਨੂੰ ਇਤਲਾਹ ਮਿਲਣ ਤੇ ਪੁਲਿਸ ਪ੍ਰਸ਼ਾਸ਼ਨ ਨੇ ਪਹੁੰਚ ਕੇ ਉਸ ਨੂੰ ਕੱਢਿਆ ਤੇ ਸਿਵਿਲ ਹਸਪਤਾਲ ਵਿੱਚ ਲੈ ਕੇ ਲਿਆਂਦਾ ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ।

error: Content is protected !!