ਅਧਿਆਪਕ ਨਾਲੇ ਰੋਂਦਾ ਰਿਹਾ ਨਾਲੇ ਭਰਦਾ ਰਿਹਾ ਕੁੜੀ ਦੀ ਮਾਂਗ, ਜਾਣੋਂ ਕੀ ਸੀ ਮਾਮਲਾ

ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦਾ ਰਹਿਣ ਵਾਲਾ ਅਵਨੀਸ਼ ਕੁਮਾਰ, ਜਿਸ ਨੇ ਹਾਲ ਹੀ ਵਿਚ ਬਿਹਾਰ ਪਬਲਿਕ ਸਰਵਿਸ ਕਮਿਸ਼ਨ (ਬੀਪੀਐਸਸੀ) ਦੀ ਪ੍ਰੀਖਿਆ ਪਾਸ ਕਰ ਕੇ ਅਧਿਆਪਕ ਬਣਨ ਦਾ ਸੁਪਨਾ ਪੂਰਾ ਕੀਤਾ ਸੀ, ਉਹ ਇੱਕ ਦਿਲਚਸਪ ਅਤੇ ਹੈਰਾਨੀਜਨਕ ਮਾਮਲੇ ਦਾ ਸ਼ਿਕਾਰ ਹੋ ਗਿਆ। ਸ਼ੁਕਰਵਾਰ (13 ਦਸੰਬਰ) ਨੂੰ ਜਦੋਂ ਉਹ ਸਕੂਲ ਜਾ ਰਿਹਾ ਸੀ ਤਾਂ ਰਸਤੇ ਵਿਚ ਦੋ ਸਕਾਰਪੀਓ ਸਵਾਰਾਂ ਨੇ ਉਸ ਦਾ ਈ-ਰਿਕਸ਼ਾ ਰੋਕ ਲਿਆ। ਦਰਜਨ ਭਰ ਲੋਕ ਆਪਣੀਆਂ ਗੱਡੀਆਂ ‘ਚੋਂ ਬਾਹਰ ਨਿਕਲੇ, ਬੰਦੂਕਾਂ ਤਾਣ ਕੇ ਅਵਨੀਸ਼ ਨੂੰ ਅਗ਼ਵਾ ਕਰ ਲਿਆ। ਪਹਿਲਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਫ਼ਿਰ ਬੰਦੂਕ ਦੀ ਨੋਕ ਉਤੇ ਲੜਕੀ ਨਾਲ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਗਿਆ।

ਇਹ ਘਟਨਾ ਬਿਹਾਰ ਵਿਚ ‘ਜ਼ਬਰਦਸਤੀ ਵਿਆਹ’ ਦੀ ਪਰੰਪਰਾ ਦੀ ਤਾਜ਼ਾ ਮਿਸਾਲ ਹੈ, ਜਿਸ ਵਿਚ ਅਣਵਿਆਹੇ ਮਰਦਾਂ ਨੂੰ ਜ਼ਬਰਦਸਤੀ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਪੁਲਿਸ ਅਨੁਸਾਰ 2024 ਵਿਚ ਬਿਹਾਰ ਵਿਚ ਜ਼ਬਰਦਸਤੀ ਵਿਆਹ ਦੇ ਅੰਕੜਿਆਂ ਦਾ ਰਿਕਾਰਡ ਟੁਟਿਆ ਹੈ। ਇਸ ਸਾਲ ਪਿਛਲੇ 30 ਸਾਲਾਂ ਨਾਲੋਂ ਸਭ ਤੋਂ ਵੱਧ ਜ਼ਬਰਦਸਤੀ ਵਿਆਹ ਦੇ ਮਾਮਲੇ ਦਰਜ ਕੀਤੇ ਗਏ ਹਨ।

ਕੀ ਹੈ ਸਾਰਾ ਮਾਮਲਾ

ਬੇਗੂਸਰਾਏ ਜ਼ਿਲ੍ਹੇ ਦੇ ਪਿੰਡ ਰਾਜੇਰਾ ਵਾਸੀ ਸੁਧਾਕਰ ਰਾਏ ਦੇ ਪੁੱਤਰ ਅਵਨੀਸ਼ ਕੁਮਾਰ ਨੂੰ ਲਖੀਸਰਾਏ ਜ਼ਿਲ੍ਹੇ ਦੀ ਇੱਕ ਲੜਕੀ ਗੁੰਜਨ ਦੇ ਰਿਸ਼ਤੇਦਾਰਾਂ ਨੇ ਅਗ਼ਵਾ ਕਰ ਲਿਆ ਸੀ। ਗੁੰਜਨ ਨੇ ਦਾਅਵਾ ਕੀਤਾ ਕਿ ਉਹ ਅਤੇ ਅਵਨੀਸ਼ ਪਿਛਲੇ ਚਾਰ ਸਾਲਾਂ ਤੋਂ ਪ੍ਰੇਮ ਸਬੰਧਾਂ ਵਿਚ ਸਨ। ਹਾਲਾਂਕਿ ਅਵਨੀਸ਼ ਜਿਸ ਨੂੰ ਹਾਲ ਹੀ ਵਿਚ ਇੱਕ ਸਰਕਾਰੀ ਅਧਿਆਪਕ ਵਜੋਂ ਨੌਕਰੀ ਮਿਲੀ ਸੀ ਅਤੇ ਕਟਿਹਾਰ ਜ਼ਿਲ੍ਹੇ ਦੇ ਇੱਕ ਮਿਡਲ ਸਕੂਲ ਵਿਚ ਤਾਇਨਾਤ ਹੈ, ਨੇ ਰਿਸ਼ਤੇ ਨੂੰ ਵਿਆਹ ਵਿਚ ਬਦਲਣ ਤੋਂ ਇਨਕਾਰ ਕਰ ਦਿਤਾ ਸੀ।

ਗੁੰਜਨ ਨੇ ਕਿਹਾ, “ਅਸੀਂ ਚਾਰ ਸਾਲਾਂ ਤੋਂ ਇੱਕ ਦੂਜੇ ਦੇ ਨਾਲ ਰਿਸ਼ਤੇ ਵਿਚ ਸਾਂ। ਉਸ ਨੇ ਮੇਰੇ ਨਾਲ ਵਿਆਹ ਕਰਵਾਉਣ ਪਰਿਵਾਰ ਵਸਾਉਣ ਦਾ ਵਾਅਦਾ ਕੀਤਾ ਸੀ। ਜਦੋਂ ਮੈਂ ਇਸ ਬਾਰੇ ਆਪਣੇ ਪਰਿਵਾਰ ਨੂੰ ਦਸਿਆ ਅਤੇ ਮੇਰੇ ਪਰਿਵਾਰ ਨੇ ਅਵਨੀਸ਼ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਸ ਨੇ ਇਨਕਾਰ ਕਰ ਦਿਤਾ। ਘਟਨਾ ਤੋਂ ਤਿੰਨ ਦਿਨ ਪਹਿਲਾਂ ਗੁੰਜਨ ਦੇ ਪਰਿਵਾਰ ਨੇ ਕਥਿਤ ਤੌਰ ‘ਤੇ ਦੋਵਾਂ ਨੂੰ ਕਟਿਹਾਰ ‘ਚ ਇਕੱਠੇ ਦੇਖਿਆ ਸੀ। ਇਸ ਤੋਂ ਬਾਅਦ ਗੁੰਜਨ ਦੇ ਰਿਸ਼ਤੇਦਾਰਾਂ ਨੇ ਅਵਨੀਸ਼ ਨੂੰ ਅਗ਼ਵਾ ਕਰ ਲਿਆ ਅਤੇ ਉਸ ਨੂੰ ਮੰਦਰ ‘ਚ ਲਿਜਾ ਕੇ ਵਿਆਹ ਕਰਨ ਲਈ ਮਜਬੂਰ ਕੀਤਾ।ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਅਵਨੀਸ਼ ਨੂੰ ਕਈ ਲੋਕਾਂ ਨੇ ਫੜਿਆ ਹੋਇਆ ਸੀ, ਜਦੋਂ ਕਿ ਗੁੰਜਨ ਵਿਆਹ ਦੇ ਕੱਪੜਿਆਂ ‘ਚ ਸਿਰ ‘ਤੇ ਸਿੰਦੂਰ ਭਰ ਕੇ ਖੜ੍ਹੀ ਸੀ। ਵੀਡੀਓ ‘ਚ ਅਵਨੀਸ਼ ਵਿਆਹ ਦੀਆਂ ਰਸਮਾਂ ਪੂਰੀਆਂ ਕਰਦੇ ਹੋਏ ਕਾਫੀ ਪਰੇਸ਼ਾਨ ਅਤੇ ਅਸਹਿਜ ਨਜ਼ਰ ਆ ਰਿਹਾ ਸੀ।

ਲੜਕੇ ਦੇ ਮਾਪਿਆਂ ਨੇ ਲੜਕੀ ਨੂੰ ਸਵੀਕਾਰ ਕਰਨ ਤੋਂ ਕਰ ਦਿਤਾ ਇਨਕਾਰ

ਵਿਆਹ ਤੋਂ ਬਾਅਦ ਗੁੰਜਨ ਆਪਣੇ ਪਰਿਵਾਰ ਨਾਲ ਬੇਗੂਸਰਾਏ ਸਥਿਤ ਅਵਨੀਸ਼ ਦੇ ਘਰ ਪਹੁੰਚੀ ਪਰ ਉੱਥੇ ਵਿਵਾਦ ਖੜ੍ਹਾ ਹੋ ਗਿਆ। ਅਵਨੀਸ਼ ਕਿਸੇ ਤਰ੍ਹਾਂ ਉਥੋਂ ਭੱਜਣ ਵਿਚ ਕਾਮਯਾਬ ਹੋ ਗਿਆ। ਜਦੋਂ ਗੁੰਜਨ ਉਨ੍ਹਾਂ ਦੇ ਘਰ ਪਹੁੰਚੀ ਤਾਂ ਅਵਨੀਸ਼ ਦੇ ਪਰਿਵਾਰ ਨੇ ਉਸ ਨੂੰ ਆਪਣੀ ਨੂੰਹ ਮੰਨਣ ਤੋਂ ਇਨਕਾਰ ਕਰ ਦਿਤਾ। ਗੁੰਜਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।

ਉਸ ਨੇ ਕਿਹਾ, ”ਮੈਂ ਸਿਰਫ਼ ਆਪਣਾ ਹੱਕ ਮੰਗਿਆ ਹੈ। ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।”

ਇਸ ਦੇ ਨਾਲ ਹੀ ਅਵਨੀਸ਼ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸ ਦਾ ਗੁੰਜਨ ਨਾਲ ਕੋਈ ਪ੍ਰੇਮ ਸਬੰਧ ਨਹੀਂ ਸੀ।

error: Content is protected !!